ਪਾਕਿ ਜਾਸੂਸੀ ਮਾਮਲਾ: ਜੋਤੀ ਮਲਹੋਤਰਾ ਨੂੰ ਮੁੜ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ


ਪਿਤਾ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਇਨਸਾਫ਼ ਦੀ ਮੰਗ ਕਰਦਿਆਂ ਪੱਤਰ ਲਿਖਿਆ
ਹਿਸਾਰ, 4 ਅਗੱਸਤ (ਨਿਊਜ਼ ਟਾਊਨ ਨੈਟਵਰਕ) : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ੀ ਜੋਤੀ ਮਲਹੋਤਰਾ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਹਿਸਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੋਤੀ ਦੀਆਂ ਪੰਜ ਪੇਸ਼ੀਆਂ ਪੂਰੀਆਂ ਹੋ ਚੁੱਕੀਆਂ ਹਨ। ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ ਨੂੰ ਹੋਵੇਗੀ। ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ਼ ਨਹੀਂ ਕੀਤਾ ਹੈ। ਪੁਲਿਸ ਵਲੋਂ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਵਕੀਲ ਵਲੋਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਜਾਵੇਗੀ। ਹਿਸਾਰ ਵਿਚ ਰਹਿਣ ਵਾਲੇ ਜਯੋਤੀ ਮਲਹੋਤਰਾ ਦੇ ਪਿਤਾ ਹਰੀਸ਼ ਮਲਹੋਤਰਾ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਅਤੇ ਮੁੱਖ ਮੰਤਰੀ ਨੂੰ ਇਨਸਾਫ਼ ਲਈ ਪੱਤਰ ਲਿਖਿਆ ਹੈ। ਸਿਵਲ ਲਾਈਨ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਵੱਖ-ਵੱਖ ਧਾਰਾਵਾਂ ਤਹਿਤ ਜਯੋਤੀ ਮਲਹੋਤਰਾ ਵਿਰੁਧ ਕੇਸ ਦਰਜ ਕੀਤਾ ਸੀ। ਪੁਲਿਸ ਨੇ ਉਸਨੂੰ 17 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜੋਤੀ ਦੇ ਪਿਤਾ ਦੀ ਪਟੀਸ਼ਨ ‘ਤੇ ਐਡਵੋਕੇਟ ਕੁਮਾਰ ਮੁਕੇਸ਼ ਨੇ ਕਿਹਾ ਕਿ ਜੋਤੀ ਦੇ ਪਿਤਾ ਨੇ ਇਨਸਾਫ਼ ਦੀ ਅਪੀਲ ਕਰਦੇ ਹੋਏ ਇਕ ਪੱਤਰ ਵਿਚ ਲਿਖਿਆ ਹੈ ਕਿ ਉਨ੍ਹਾਂ ਦੀ ਧੀ ਬੇਕਸੂਰ ਹੈ। ਪੁਲਿਸ ਨੇ ਉਸਨੂੰ ਝੂਠਾ ਫਸਾਇਆ ਹੈ। ਜੋਤੀ ਦੇ ਪਿਤਾ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਝੂਠੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
