ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੂਜੀ ਵਾਰ ਬਣੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ


ਫਤਿਹਗੜ੍ਹ ਸਾਹਿਬ, 4 ਅਗੱਸਤ (ਰਾਜਿੰਦਰ ਸਿੰਘ ਭੱਟ) : ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੂੰ ਦੂਜੀ ਵਾਰ ਭਾਰਤੀ ਜਨਤਾ ਪਾਰਟੀ ਦਾ ਜਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ। ਭਾਜਪਾ ਦੀ ਸਰਹਿੰਦ ਵਿਖੇ ਹੋਈ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਚੋਣ ਇੰਚਾਰਜ ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਜ਼ਿਲ੍ਹਾ ਚੋਣ ਅਬਜਰਵਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਸ਼ਾਮਿਲ ਹੋਏ । ਇਸ ਦੌਰਾਨ ਦੂਜੀ ਵਾਰ ਦੀਦਾਰ ਸਿੰਘ ਭੱਟੀ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਦੀਦਾਰ ਸਿੰਘ ਭੱਟੀ ਨੂੰ ਵੱਖ-ਵੱਖ ਆਗੂਆਂ ਵਲੋਂ ਸਿਰੋਪਾਉ ਪਾਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੀਕਸ਼ਣ ਸੂਦ ਅਤੇ ਅਮਨਜੋਤ ਰਾਮੂਵਾਲੀਆ ਨੇ ਕਿਹਾ ਕਿ ਜ਼ਿਲ੍ਹੇ ਦੀ ਚੋਣ ਕਰਵਾਈ ਗਈ ਸੀ ਅਤੇ ਚੋਣ ਵਿਚ ਦੀਦਾਰ ਸਿੰਘ ਭੱਟੀ ਦੇ ਹੱਕ ਵਿਚ ਵਰਕਰਾਂ ਵਲੋਂ ਸਹਿਮਤੀ ਜਤਾਈ ਗਈ, ਜਿਸ ਕਰਕੇ ਉਨਾਂ ਨੂੰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਦੀਦਾਰ ਸਿੰਘ ਭੱਟੀ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਪਿਛਲੇ ਸਮੇਂ ਦੌਰਾਨ ਪਾਰਟੀ ਦੀ ਤਨਦੇਹੀ ਨਾਲ ਸੇਵਾ ਕੀਤੀ ਹੈ ਅਤੇ ਪਾਰਟੀ ਨੇ ਉਨ੍ਹਾਂ ਵਿਚ ਮੁੜ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਹੈ । ਉਨ੍ਹਾਂ ਪਾਰਟੀ ਹਾਈ ਕਮਾਨ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਦੀ ਹੋਰ ਵੱਧ ਚੜ ਕੇ ਸੇਵਾ ਕਰਾਂਗਾ।
