ਰਾਹੁਲ ਗਾਂਧੀ ਨੂੰ ਭਾਰਤੀ ਫ਼ੌਜ ‘ਤੇ ਇਤਰਾਜ਼ਯੋਗ ਟਿੱਪਣੀ ਲਈ ਸੁਪਰੀਮ ਫਟਕਾਰ


ਨਵੀਂ ਦਿੱਲੀ, 4 ਅਗੱਸਤ (ਨਿਊਜ਼ ਟਾਊਨ ਨੈਟਵਰਕ) : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਭਾਰਤੀ ਫੌਜ ‘ਤੇ ਇਤਰਾਜ਼ਯੋਗ ਟਿੱਪਣੀ ਲਈ ਫਟਕਾਰ ਲਗਾਈ। ਅਦਾਲਤ ਨੇ ਪੁੱਛਿਆ- ਤੁਹਾਨੂੰ ਕਿਵੇਂ ਪਤਾ ਲੱਗਾ ਕਿ ਚੀਨ ਨੇ ਭਾਰਤ ਦੀ 2000 ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ, ਭਰੋਸੇਯੋਗ ਜਾਣਕਾਰੀ ਕੀ ਹੈ, ਜੇਕਰ ਤੁਸੀਂ ਸੱਚੇ ਭਾਰਤੀ ਹੁੰਦੇ ਤਾਂ ਤੁਸੀਂ ਇਹ ਨਾ ਕਹਿੰਦੇ। ਅਦਾਲਤ ਨੇ ਕਿਹਾ- ਜਦੋਂ ਸਰਹੱਦ ਪਾਰ ਕੋਈ ਟਕਰਾਅ ਚੱਲ ਰਿਹਾ ਹੋਵੇ ਤਾਂ ਕੀ ਤੁਸੀਂ ਇਹ ਸਭ ਕਹਿ ਸਕਦੇ ਹੋ। ਤੁਸੀਂ ਸੰਸਦ ਵਿਚ ਸਵਾਲ ਕਿਉਂ ਨਹੀਂ ਪੁੱਛ ਸਕਦੇ? ਤੁਸੀਂ (ਰਾਹੁਲ ਗਾਂਧੀ) ਵਿਰੋਧੀ ਧਿਰ ਦੇ ਨੇਤਾ ਹੋ, ਸੰਸਦ ਵਿਚ ਬੋਲੋ, ਸੋਸ਼ਲ ਮੀਡੀਆ ‘ਤੇ ਨਹੀਂ ਬੋਲੋ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਫ਼ੌਜ ‘ਤੇ ਇਤਰਾਜ਼ਯੋਗ ਟਿੱਪਣੀ ਮਾਮਲੇ ਵਿਚ ਲਖਨਊ ਅਦਾਲਤ ਵਿਚ ਰਾਹੁਲ ਵਿਰੁਧ ਚੱਲ ਰਹੀ ਕਾਰਵਾਈ ‘ਤੇ ਰੋਕ ਲਗਾ ਦਿਤੀ। ਅਦਾਲਤ ਨੇ ਇਸ ਮਾਮਲੇ ਵਿਚ ਸ਼ਿਕਾਇਤਕਰਤਾ (ਉਦੈ ਸ਼ੰਕਰ ਸ਼੍ਰੀਵਾਸਤਵ) ਅਤੇ ਯੂਪੀ ਸਰਕਾਰ ਨੂੰ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਰਾਹੁਲ ਨੇ 16 ਦਸੰਬਰ 2022 ਨੂੰ ਭਾਰਤ ਜੋੜੋ ਯਾਤਰਾ ਦੌਰਾਨ ਇਕ ਵਿਵਾਦਪੂਰਨ ਬਿਆਨ ਦਿਤਾ ਸੀ। ਰਾਹੁਲ ਗਾਂਧੀ ਨੇ ਕਿਹਾ- ਲੋਕ ਭਾਰਤ ਜੋੜੋ ਯਾਤਰਾ ਬਾਰੇ ਪੁੱਛਣਗੇ, ਪਰ ਚੀਨ ਨੇ 2000 ਵਰਗ ਕਿਲੋਮੀਟਰ ਭਾਰਤੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ, 20 ਭਾਰਤੀ ਸੈਨਿਕ ਮਾਰੇ ਗਏ ਅਤੇ ਅਰੁਣਾਚਲ ਵਿਚ ਸਾਡੇ ਸੈਨਿਕਾਂ ਨੂੰ ਕੁੱਟਿਆ ਜਾ ਰਿਹਾ ਹੈ। ਰਾਹੁਲ ਦੇ ਇਸ ਬਿਆਨ ਵਿਰੁਧ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਦੇ ਸਾਬਕਾ ਡਾਇਰੈਕਟਰ ਉਦੈ ਸ਼ੰਕਰ ਸ਼੍ਰੀਵਾਸਤਵ ਨੇ ਲਖਨਊ ਦੇ ਐਮਪੀ ਵਿਧਾਇਕ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਦੱਸਣਯੋਗ ਹੈ ਕਿ ਇਸੇ ਸਾਲ 29 ਮਈ ਨੂੰ ਇਲਾਹਾਬਾਦ ਹਾਈ ਕੋਰਟ ਨੇ ਗਾਂਧੀ ਦੀ ਪਟੀਸ਼ਨ ਨੂੰ ਰੱਦ ਕਰ ਦਿਤਾ ਸੀ ਅਤੇ ਸੰਮਨ ਭੇਜੇ। ਗਾਂਧੀ ਨੇ ਸੰਮਨ ਅਤੇ ਸ਼ਿਕਾਇਤ ਨੂੰ ਚੁਣੌਤੀ ਦਿਤੀ ਸੀ ਤੇ ਕਿਹਾ ਸੀ ਕਿ ਮੇਰੇ ਵਿਰੁਧ ਸ਼ਿਕਾਇਤ ਬਦਨੀਤੀ ਨਾਲ ਅਤੇ ਮਾੜੇ ਇਰਾਦੇ ਨਾਲ ਦਾਇਰ ਕੀਤੀ ਗਈ ਸੀ। ਸੁਪਰੀਮ ਕੋਰਟ ਦੀ ਟਿੱਪਣੀ ‘ਤੇ ਭਾਜਪਾ ਨੇ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਜ਼ੁਬਾਨੀ ਹਮਲਾ ਕੀਤਾ ਹੈ। ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸੁਪਰੀਮ ਕੋਰਟ ਦੀ ਟਿੱਪਣੀ ਰਾਹੁਲ ਗਾਂਧੀ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਉਂਦੀ ਹੈ। ਕਾਂਗਰਸ ਪਾਰਟੀ ਦੇ ਨੇਤਾ ਵਜੋਂ ਉਹ ਕਿੰਨੇ ਪਰਿਪੱਕ ਹਨ? ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਗਾਂਧੀ ਨੇ ਭਾਰਤ ਵਿਰੋਧੀ ਮਾਨਸਿਕਤਾ ਦਿਖਾਈ ਹੈ।
