ਹਲਕਾ ਸਨੌਰ ਵਿਚ ਅਕਾਲੀ ਦਲ ਦੀ ਮੀਟਿੰਗ ਜੈਕਾਰਿਆਂ ਨਾਲ ਗੂੰਝ ਉੱਠੀ


ਸਾਰੇ ਪੰਥ ਦਰਦੀਆਂ ਨੂੰ ਅਕਾਲੀ ਦਲ ਦੇ ਝੰਡੇ ਹੇਠ ਇਕਜੁਟ ਹੋਣ ਦਾ ਸੱਦਾ

(ਨਿਊਜ਼ ਟਾਊਨ ਨੈਟਵਰਕ)
ਸਨੌਰ, 4 ਅਗੱਸਤ : ਜ਼ਿਲ੍ਹਾ ਪਟਿਆਲਾ ਵਿਚ ਪੈਂਦੇ ਵਿਧਾਨ ਸਭਾ ਹਲਕਾ ਸਨੌਰ ਵਿਖੇ ਅਕਾਲੀ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਵਲੋਂ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਅਤੇ ਜੈਕਾਰਿਆਂ ਨਾਲ ਗੂੰਝ ਉੁਠਿਆ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸੀਨੀਅਰ ਅਕਾਲੀ ਆਗੂ ਕ੍ਰਿਸ਼ਨ ਸਿੰਘ ਸਨੌਰ, ਸ੍ਰੀ ਐਨ.ਕੇ. ਸ਼ਰਮਾ ਦੇ ਭਰਾ ਕ੍ਰਿਸ਼ਨ ਸ਼ਰਮਾ, ਫ਼ੌਜ ਇੰਦਰ ਸਿੰਘ ਮਖਮੈਲਪੁਰ, ਲਖਬੀਰ ਸਿੰਘ ਲੋਟ, ਮਨਜੀਤ ਸਿੰਘ ਮਲਕਪੁਰ, ਹਰਵਿੰਦਰ ਸਿੰਘ ਜੋਗੀਪੁਰ, ਮਾਸਟਰ ਦਵਿੰਦਰ ਸਿੰਘ ਟਹਿਲਪੁਰਾ, ਹਰਜਿੰਦਰ ਸਿੰਘ ਕਬੂਲਪੁਰ ਅਤੇ ਹਲਕਾ ਸਨੌਰ ਦੇ ਸੀਨੀਅਰ ਅਕਾਲੀ ਆਗੂਆਂ ਨੇ ਹਾਜ਼ਰੀ ਲਵਾਈ। ਅਕਾਲੀ ਆਗੂਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਇਸ ਪਾਰਟੀ ਉਤੇ ਦਿੱਲੀ ਵਾਲਿਆਂ ਦਾ ਕਬਜ਼ਾ ਹੋ ਚੁੱਕਾ ਹੈ। ਪੰਜਾਬ ਸਰਕਾਰ ਇਸ ਵੇਲੇ ਭਗਵੰਤ ਮਾਨ ਜਾਂ ਕੋਈ ਹੋਰ ਪੰਜਾਬੀ ਨੇਤਾ ਨਹੀਂ ਚਲਾ ਰਿਹਾ ਬਲਕਿ ਸਿੱਧੇ ਰੂਪ ਵਿਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਚਲਾ ਰਹੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਅਸੀਂ ਤਕੜੇ ਹੋ ਕੇ ਸਰਕਾਰ ਵਿਰੁਧ ਲੜਾਈ ਲੜੀਏ ਅਤੇ ਅਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ। ਅਕਾਲੀ ਆਗੂਆਂ ਨੇ ਇਕਜੁਟ ਹੋਣ ਦਾ ਸੱਦਾ ਦਿੰਦਿਆਂ ਆਖਿਆ ਕਿ ਅਪਣੀਆਂ ਛੋਟੀਆਂ ਛੋਟੀਆਂ ਗਰਜਾਂ ਛੱਡ ਕੇ ਪੰਥਕ ਹਿੱਤਾਂ ਲਈ ਸਾਰਿਆਂ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣਾ ਚਾਹੀਦਾ ਹੈ।