ਮਾਂ ਬਣਨ ਵਾਲੀ ਹੈ ਪਰਿਣੀਤੀ ਚੋਪੜਾ, ਰਾਘਵ ਚੱਢਾ ਨੇ ਕਪਿਲ ਸ਼ਰਮਾ ਸ਼ੋਅ ‘ਚ ਕੀਤਾ ਸੂਚਿਤ


ਮੁੰਬਈ, 4 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਪੰਜਾਬ ਵਿਚ ਵਲੰਟੀਅਰਾਂ ਨੂੰ ਚਾਚਾ ਜਾਂ ਤਾਇਆ ਬਣਨ ਦੀ ਖ਼ੁਸ਼ਖ਼ਬਰੀ ਵੀ ਮਿਲਣ ਵਾਲੀ ਹੈ। ਜਲਦ ਹੀ ਪਰਿਣੀਤੀ ਚੋਪੜਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਘਰ ਕਿਲਕਾਰੀ ਸੁਣਾਈ ਦੇਣ ਜਾ ਰਹੀ ਹੈ। ਇਹ ਸੂਚਨਾ ਖ਼ੁਦ ਰਾਘਵ ਚੱਢਾ ਨੇ ਕਪਿਲ ਸ਼ਰਮਾ ਸ਼ੋਅ ਦੌਰਾਨ ਦਿਤੀ ਹੈ। ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ ਸਿਆਸਤਦਾਨ ਰਾਘਵ ਚੱਢਾ ਬਾਲੀਵੁੱਡ ਦੇ ਮਸ਼ਹੂਰ ਜੋੜਿਆਂ ਵਿਚੋਂ ਇਕ ਹਨ। ਦੋਹਾਂ ਨੇ ਸਾਲ 2023 ਵਿਚ ਵਿਆਹ ਕਰਵਾਇਆ ਸੀ। ਹਾਲ ਹੀ ਵਿਚ ਇਹ ਜੋੜਾ ‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਵਿਚ ਨਜ਼ਰ ਆਇਆ ਸੀ। ਇਸ ਐਪੀਸੋਡ ਦੇ ਕਈ ਪ੍ਰੋਮੋ ਵੀ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸ਼ੋਅ ਵਿਚ ਕਪਿਲ ਸ਼ਰਮਾ ਨਾਲ ਗੱਲਬਾਤ ਦੌਰਾਨ ਰਾਘਵ ਨੇ ਇਕ ਵੱਡਾ ਪ੍ਰਗਟਾਵਾ ਕੀਤਾ, ਜਿਸ ਨੂੰ ਸੁਣ ਕੇ ਪਰਿਣੀਤੀ ਵੀ ਹੈਰਾਨ ਰਹਿ ਗਈ। ਅਸਲ ਵਿਚ ਕਪਿਲ ਸ਼ਰਮਾ ਬੱਚੇ ਲਈ ਪਰਿਵਾਰ ਵਲੋਂ ਪਾਏ ਜਾਂਦੇ ਦਬਾਅ ਬਾਰੇ ਗੱਲ ਕਰ ਰਿਹਾ ਸੀ ਅਤੇ ਉਸ ਨੇ ਰਾਘਵ ਚੱਢਾ ਨੂੰ ਪੁੱਛਿਆ ਕਿ ਕੀ ਤੁਹਾਡੇ ‘ਤੇ ਵੀ ਅਜਿਹਾ ਪਰਿਵਾਰਕ ਦਬਾ ਹੈ। ਫਿਰ ਰਾਘਵ ਚੱਢਾ ਨੇ ਜਲਦੀ ਹੀ ਖ਼ੁਸ਼ਖ਼ਬਰੀ ਦੇਣ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਦੇਵਾਂਗੇ, ਤੁਹਾਨੂੰ ਦੇਵਾਂਗੇ। ਜਲਦੀ ਹੀ ਖ਼ੁਸ਼ਖ਼ਬਰੀ ਦਿਤੀ ਦੇਵਾਂਗੇ।’ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ 13 ਮਈ 2023 ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਅਪਣੇ ਪਰਿਵਾਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਕਈ ਰਾਜਨੀਤਕ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਮੰਗਣੀ ਕੀਤੀ ਸੀ। ਇਸ ਤੋਂ ਬਾਅਦ, 24 ਸਤੰਬਰ 2023 ਨੂੰ ਉਨ੍ਹਾਂ ਨੇ ਉਦੈਪੁਰ ਦੇ ਗ੍ਰੈਂਡ ਲੀਲਾ ਪੈਲੇਸ ਵਿਚ ਵਿਆਹ ਕੀਤਾ ਜੋ ਵਿਆਹ ਤੋਂ ਪਹਿਲਾਂ ਦੇ ਕੁਝ ਖ਼ਾਸ ਜਸ਼ਨਾਂ ਤੋਂ ਬਾਅਦ ਹੋਇਆ।