ਫਿਰੋਜ਼ਪੁਰ ‘ਚ ਵੱਡੀ ਵਾਰਦਾਤ ! ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਮਸ਼ਹੂਰ ਟ੍ਰੈਵਲ ਏਜੰਟ ‘ਤੇ ਵਰ੍ਹਾਈਆਂ ਗੋਲ਼ੀਆਂ


ਫਿਰੋਜ਼ਪੁਰ, 1 ਅਗਸਤ 2025 (ਨਿਊਜ਼ ਟਾਊਨ ਨੈਟਵਰਕ) :
ਸਥਾਨਕ ਬਾਗੀ ਰੋਡ ਰਸਤੇ ਐਕਟਿਵਾ ’ਤੇ ਆਪਣੇ ਘਰ ਨੂੰ ਜਾ ਰਹੇ ਇਕ ਟ੍ਰੈਵਲ ਏਜੰਟ ਨੂੰ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਜਿਸ ਦੀ ਪਛਾਣ ਰਾਹੁਲ ਕੱਕੜ ਵਜੋਂ ਹੋਈ ਹੈ। ਪੀੜਤ ਸ਼ਹਿਰ ਦੇ ਵੱਡੇ ਪੁੱਲ ਹੇਠਾਂ ‘ਡਬਲਿਊ ਏਆਈਸੀ ਇਮਰੀਗ੍ਰੇਸ਼ਨ ਨਾਂ ’ਤੇ ਟ੍ਰੈਵਲ ਏਜੰਸੀ ਚਲਾਉਂਦਾ ਹੈ। ਗੋਲ਼ੀ ਰਾਹੁਲ ਕੱਕੜ ਦੀ ਬਾਂਹ ‘ਚ ਵੱਜੀ ਦੱਸੀ ਜਾ ਰਹੀ ਹੈ। ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਮੇਤ ਸਥਾਨਕ ਨਿੱਜੀ ਹਸਪਤਾਲ ਪਹੁੰਚ ਗਏ। ਪੁਲਿਸ ਵੱਲੋਂ ਜ਼ਖ਼ਮੀ ਤੋਂ ਜਾਣਕਾਰੀ ਲੈਣ ਉਪਰੰਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਰਾਹੁਲ ਕੱਕੜ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਉਹ ਐਕਟਿਵਾ ’ਤੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਇਕ ਗੋਲ਼ੀ ਉਸ ਦੀ ਖੱਬੀ ਬਾਂਹ ’ਤੇ ਲੱਗੀ ਹੈ। ਜ਼ਖ਼ਮੀ ਹਾਲਤ ‘ਚ ਉਸ ਨੂੰ ਤੁਰੰਤ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਨਿਜੀ ਰੰਜਿਸ਼, ਫਿਰੌਤੀ ਜਾਂ ਵੀਜ਼ੇ ਨੂੰ ਲੈ ਕੇ ਕਿਸੇ ਹਮਲੇ ਦਾ ਹੋ ਸਕਦਾ ਹੈ। ਫਿਲਹਾਲ ਪੁਲਿਸ ਟੀਮਾਂ ਪੂਰੀ ਸਰਗਰਮੀਂ ਨਾਲ ਆਸ-ਪਾਸ ਦੇ ਸੀਸੀਟੀਵੀ ਤੋਂ ਇਲਾਵਾ ਖ਼ਬਰੀ ਨੈਟਵਰਕ ਜ਼ਰੀਏ ਹਮਲਾਵਰਾਂ ਦੀ ਭਾਲ ‘ਚ ਲੱਗ ਗਈਆਂ ਹਨ। ਜ਼ਿਕਰਯੋਗ ਹੈ ਕਿ ਰਾਹੁਲ ਕੱਕੜ ਫਿਰੋਜ਼ਪੁਰ ਦੇ ਮੁੱਖ ਇਮੀਗ੍ਰੇਸ਼ਨ ਏਜੰਟਾਂ ‘ਚੋਂ ਇਕ ਹੈ।
