ਜੇ ਸਰਕਾਰ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਮੁਆਵਜ਼ਾ ਦੇ ਸਕਦੀ ਹੈ ਤਾਂ ਹਾਦਸੇ ਵਿਚ ਮਰਨ ਵਾਲਿਆਂ ਨੂੰ ਕਿਉਂ ਨਹੀਂ? -ਜ਼ਾਹਿਦਾ ਸੁਲੇਮਾਨ

0
WhatsApp Image 2025-07-31 at 6.58.01 PM


ਕਿਹਾ, ਪੂਰਾ ਪਿੰਡ ਸੋਗ ਵਿਚ ਡੁੱਬਿਆ ਹੋਇਆ ਹੈ, ਪੀੜਤ ਪਰਵਾਰਾਂ ਨੂੰ ਐਕਸ-ਗ੍ਰੇਸ਼ੀਆ ਗ੍ਰਾਂਟ ਵਿਚੋਂ 10-10 ਲੱਖ ਰੁਪਏ ਦੀ ਮਦਦ ਦਿਤੀ ਜਾਵੇ


(ਮੁਨਸ਼ੀ ਫ਼ਾਰੂਕ)
ਮਾਲੇਰਕੋਟਲਾ, 31 ਜੁਲਾਈ : ਇਥੋਂ ਥੋੜੀ ਦੂਰ ਸਥਿਤ ਪਿੰਡ ਮਾਣਕਵਾਲ ਪਿਛਲੇ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਸੋਗ ਵਿਚ ਡੁੱਬਿਆ ਹੋਇਆ ਹੈ। ਦੁੱਖ ਅਤੇ ਗੰਭੀਰ ਸਦਮੇ ਵਿਚ ਡੁੱਬੇ ਹੋਏ ਪਿੰਡ ਦੇ ਜ਼ਿਆਦਾਤਰ ਲੋਕ ਗੁਰਦੁਆਰਾ ਸਾਹਿਬ ਦੀ ਸ਼ਰਨ ਵਿਚ ਬੈਠੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਇਸ ਪਿੰਡ ਦੇ 10 ਲੋਕਾਂ ਦੀ ਉਸ ਸਮੇਂ ਹਾਦਸੇ ਵਿਚ ਮੌਤ ਹੋ ਗਈ ਸੀ ਜਦ ਉਹ ਨੈਣਾਂ ਦੇਵੀ ਤੋਂ ਘਰ ਪਰਤ ਰਹੇ ਸਨ। ਪੀੜਤ ਪਰਵਾਰ ਬਹੁਤ ਜ਼ਿਆਦਾ ਗ਼ਰੀਬ ਹਨ ਅਤੇ ਮੌਤਾਂ ਤੋਂ ਬਾਅਦ ਲੋਕਾਂ ਦੇ ਚੁੱਲੇ ਸੁੰਨੇ ਪਏ ਹਨ। ਇਕੋ ਪਰਵਾਰ ਦੇ ਤਿੰਨ ਜੀਅ ਇਕੋ ਸਮੇਂ ਜਾ ਚੁੱਕੇ ਹਨ। ਲਗਭਗ ਹਰ ਘਰ ਵਿਚ ਮਾਤਮ ਤੇ ਦੁੱਖ ਨਜ਼ਰ ਆਉਂਦਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਗ਼ਮ ਵਿਚ ਡੁੱਬੇ ਪੀੜਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿਤਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਫਿਰ ਮੰਗ ਕੀਤੀ ਕਿ ਇਹ ਪਰਵਾਰ ਬਹੁਤ ਗ਼ਰੀਬ ਹਨ। ਇਨ੍ਹਾਂ ਨੂੰ ਸਰਕਾਰ ਐਕਸ-ਗਰੇਸ਼ੀਆ ਗ੍ਰਾਂਟ ਵਿਚੋਂ ਨੈਤਿਕਤਾ ਦੇ ਆਧਾਰ ਉਤੇ 10-10 ਲੱਖ ਰੁਪਏ ਮੁਆਵਜ਼ਾ ਦੇਵੇ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਹਰ ਘਰ, ਹਰ ਪਿੰਡ ਵਾਸੀ ਇਸ ਵੇਲੇ ਦੁੱਖ ਹੰਢਾਅ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਹਮਦਰਦੀ ਦੇ ਨਾਲ-ਨਾਲ ਮਾਲੀ ਸਹਾਇਤਾ ਦੀ ਤੁਰੰਤ ਲੋੜ ਹੈ। ਸਰਕਾਰ ਨੂੰ ਇਨ੍ਹਾਂ ਦੀ ਤੁਰੰਤ ਐਕਸ-ਗ੍ਰੇਸ਼ੀਆ ਗ੍ਰਾਂਟ ਰਾਹੀਂ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਮਾਲੀ ਮਦਦ ਜਾਂ ਰਕਮ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਆਖਦੇ ਹਨ ਜਿਹੜੀ ਕਿਸੇ ਵਿਅਕਤੀ ਜਾਂ ਪਰਵਾਰ ਨੂੰ ਸੰਵਿਧਾਨਿਕ ਜਾਂ ਕਾਨੂੰਨੀ ਤੌਰ ਤੇ ਲਾਜ਼ਮੀ ਨਾ ਹੋਣ ਦੇ ਬਾਵਜੂਦ, ਦਇਆ, ਸਹਿਯੋਗ ਜਾਂ ਨੈਤਿਕ ਜ਼ਿੰਮੇਦਾਰੀ ਦੇ ਆਧਾਰ ਤੇ ਦਿਤੀ ਜਾਂਦੀ ਹੈ। ਕਿਸੇ ਕੁਦਰਤੀ ਆਫ਼ਤ ਜਿਵੇਂ ਭੂਚਾਲ, ਹੜ੍ਹ, ਸੜਕ ਹਾਦਸਾ ਜਾਂ ਅੱਗ ਲੱਗਣ ਬਗ਼ੈਰਾ ਤੋਂ ਹੋਏ ਨੁਕਸਾਨ ਦੀ ਰਾਹਤ ਦੇਣ ਲਈ ਇਹ ਗ੍ਰਾਂਟ ਦਿਤੀ ਜਾ ਸਕਦੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਹ ਤੁਰੰਤ ਇਸ ਦਿਸ਼ਾ ਵਿਚ ਕੰਮ ਕਰੇ ਅਤੇ ਇਸ ਪਿੰਡ ਨੂੰ ਸਦਮੇ ਵਿਚੋਂ ਕੱਢਣ ਲਈ ਐਕਸ-ਗ੍ਰੇਸ਼ੀਆ ਗ੍ਰਾਂਟ ਜਾਰੀ ਕਰੇ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਜੇ ਸਾਡੀ ਸਰਕਾਰ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਸਰਕਾਰੀ ਮਦਦ ਦੇ ਸਕਦੀ ਹੈ ਤਾਂ ਹਾਦਸੇ ਵਿਚ ਮਰਨ ਵਾਲਿਆਂ ਦੀ ਮਦਦ ਕਿਉਂ ਨਹੀਂ ਕੀਤੀ ਜਾ ਸਕਦੀ? ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਐਕਸ-ਗ੍ਰੇਰਸ਼ੀਆ ਇਕ ਅਜਿਹੀ ਵਿਧੀ ਹੈ ਜਿਸ ਰਾਹੀਂ ਨੈਤਿਕਤਾ ਦੇ ਆਧਾਰ ਉਤੇ ਕਿਸੇ ਦੀ ਵੀ ਮਦਦ ਕੀਤੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ, ਸਰਕਲ ਪ੍ਰਧਾਨ ਜਥੇਦਾਰ ਮਨਦੀਪ ਸਿੰਘ ਮਾਣਕਵਾਲ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਬੀਬੀ ਅਕਬਰੀ ਬੇਗਮ ਅਤੇ ਹੋਰ ਅਕਾਲੀ ਵਰਕਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *