ਵਿਦੇਸ਼ ਦੀਆਂ ਮਾਨਤਾ-ਪ੍ਰਾਪਤ ਸੰਸਥਾਵਾਂ ਤੋਂ ਹੀ ਡਿਗਰੀਆਂ ਕੀਤੀਆਂ ਜਾਣ


ਯੂ.ਜੀ.ਸੀ.ਨੇ ਭਾਰਤੀ ਵਿਦਿਆਰਥੀਆ ਨੂੰ ਫ਼ਰਜ਼ੀ ਕੋਰਸਾਂ ਤੋਂ ਕੀਤਾ ਚੌਕਸ
(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 27 ਜੁਲਾਈ : ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ੀ ਯੂਨੀਵਰਸਿਟੀਆਂ ਵੱਲ ਰੁਖ਼ ਕਰਦੇ ਹਨ। ਕੁਝ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਆਨਲਾਈਨ ਕੋਰਸ ਵੀ ਉਪਲਬਧ ਹਨ ਪਰ ਯੂ.ਜੀ.ਸੀ. ਨੇ ਵਿਦੇਸ਼ਾਂ ਵਿਚ ਪੜ੍ਹਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ। ਯੂ.ਜੀ.ਸੀ ਨੇ ਅਜਿਹੇ ਵਿਦਿਆਰਥੀਆਂ ਨੂੰ ਚਿਤਾਵਨੀ ਦਿਤੀ ਹੈ ਜੋ ਬਿਨਾਂ ਮਾਨਤਾ ਵਾਲੀਆਂ ਵਿਦੇਸ਼ੀ ਸੰਸਥਾਵਾਂ ਤੋਂ ਕੋਰਸ ਕਰ ਰਹੇ ਹਨ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਸਪੱਸ਼ਟ ਤੌਰ ਉਤੇ ਕਿਹਾ ਹੈ ਕਿ ਅਜਿਹੀਆਂ ਜਾਅਲੀ ਜਾਂ ਗ਼ੈਰ-ਕਾਨੂੰਨੀ ਵਿਦੇਸ਼ੀ ਡਿਗਰੀਆਂ ਨੂੰ ਭਾਰਤ ਵਿਚ ਮਾਨਤਾ ਨਹੀਂ ਦਿਤੀ ਜਾਵੇਗੀ। ਕਈ ਵਾਰ, ਜਾਣਕਾਰੀ ਦੀ ਘਾਟ ਕਾਰਨ ਭਾਰਤੀ ਵਿਦਿਆਰਥੀ ਅਜਿਹੇ ਅਦਾਰਿਆਂ ਵਿਚ ਦਾਖ਼ਲਾ ਲੈਂਦੇ ਹਨ ਜਿਨ੍ਹਾਂ ਦੀਆਂ ਡਿਗਰੀਆਂ ਭਾਰਤ ਵਿਚ ਅਵੈਧ ਹਨ। ਇਸ ਕਾਰਨ, ਉਨ੍ਹਾਂ ਦੀ ਸਾਲਾਂ ਦੀ ਮਿਹਨਤ ਅਤੇ ਪੈਸਾ ਦੋਵੇਂ ਬਰਬਾਦ ਹੋ ਜਾਂਦੇ ਹਨ। ਯੂ.ਜੀ.ਸੀ. ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਿਦੇਸ਼ਾਂ ਵਿਚ ਕਿਸੇ ਵੀ ਕੋਰਸ ਵਿਚ ਦਾਖ਼ਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰਨ ਦੀ ਅਪੀਲ ਕੀਤੀ ਹੈ। ਇਹ ਹੋ ਸਕਦਾ ਹੈ ਕਿ ਯੂਨੀਵਰਸਿਟੀ ਅਤੇ ਕੋਰਸ ਯੂ.ਜੀ.ਸੀ. ਦੀ ਮਾਨਤਾ ਸੂਚੀ ਵਿਚ ਸ਼ਾਮਲ ਨਾ ਹੋਣ। ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਵਿਦੇਸ਼ਾਂ ਵਿਚ ਬਹੁਤ ਸਾਰੇ ਆਨਲਾਈਨ ਜਾਂ ਹਾਈਬ੍ਰਿਡ ਕੋਰਸ ਚਲਾਏ ਜਾ ਰਹੇ ਹਨ, ਜਿਨ੍ਹਾਂ ਦਾ ਕੋਈ ਅਧਿਕਾਰਤ ਦਰਜਾ ਨਹੀਂ ਹੈ। ਯੂ.ਜੀ.ਸੀ. ਨੇ ਕਿਹਾ ਕਿ ਵਿਦੇਸ਼ੀ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਜੋ ਭਾਰਤੀ ਮਾਨਤਾ ਸੂਚੀ ਵਿਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਵੀ ਭਾਰਤ ਵਿਚ ਅਵੈਧ ਮੰਨਿਆ ਜਾਵੇਗਾ। ਯੂ.ਜੀ.ਸੀ. ਅਨੁਸਾਰ, ਕੁਝ ਏਜੰਟ ਜਾਂ ਕੰਪਨੀਆਂ ਵਿਦਿਆਰਥੀਆਂ ਨੂੰ ਗੁਮਰਾਹ ਕਰ ਰਹੀਆਂ ਹਨ ਅਤੇ ਝੂਠੇ ਵਾਅਦੇ ਕਰਕੇ ਭਾਰੀ ਰਕਮ ਵਸੂਲ ਰਹੀਆਂ ਹਨ। ਯੂਜੀਸੀ ਨੇ ਵਿਦਿਆਰਥੀਆਂ ਨੂੰ ਸਿਰਫ਼ ਉਨ੍ਹਾਂ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਹੀ ਦਾਖ਼ਲਾ ਲੈਣ ਦੀ ਸਲਾਹ ਦਿਤੀ ਹੈ ਜੋ ਉਥੋਂ ਦੀ ਸਰਕਾਰ ਅਤੇ ਭਾਰਤ ਦੇ ਸਬੰਧਤ ਸੰਸਥਾਨਾਂ ਜਿਵੇਂ ਕਿ ਯੂ.ਜੀ.ਸੀ. ਦੁਆਰਾ ਮਾਨਤਾ ਪ੍ਰਾਪਤ ਹਨ। ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ, ਉਸ ਕੋਰਸ ਅਤੇ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ‘ਤੇ ਸਾਰੀ ਜਾਣਕਾਰੀ ਜ਼ਰੂਰ ਚੈੱਕ ਕਰੋ। ਯੂ.ਜੀ.ਸੀ. ਨੇ ਕਿਹਾ ਹੈ ਕਿ ਅੱਜ ਕੱਲ ਬਹੁਤ ਸਾਰੀਆਂ ਵਿਦੇਸ਼ੀ ਸੰਸਥਾਵਾਂ ਆਨਲਾਈਨ ਜਾਂ ਡਿਸਟੈਂਸ ਮੋਡ ਵਿਚ ਡਿਗਰੀਆਂ ਦੇਣ ਦਾ ਦਾਅਵਾ ਕਰ ਰਹੀਆਂ ਹਨ। ਜੇ ਇਹ ਯੂਜੀਸੀ ਜਾਂ ਏ.ਆਈ.ਸੀ.ਟੀ.ਈ ਦੁਆਰਾ ਮਨਜ਼ੂਰ ਨਹੀਂ ਹੈ ਤਾਂ ਉਨ੍ਹਾਂ ਕੋਰਸਾਂ ਨੂੰ ਭਾਰਤ ਵਿਚ ਕੋਈ ਮਾਨਤਾ ਨਹੀਂ ਹੈ। ਇਸ ਲਈ, ਕਿਸੇ ਵੀ ਆਨਲਾਈਨ ਕੋਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਦੀ ਵੈਧਤਾ ਦੀ ਜਾਂਚ ਕਰਨਾ ਬਹੁਤ ਜ਼ਰੂਰੀ ਹੈ। ਯੂ.ਜੀ.ਸੀ. ਨੇ ਸਲਾਹ ਦਿਤੀ ਹੈ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਏਜੰਟ ਜਾਂ ਕੌਂਸਲਰ ‘ਤੇ ਅੰਨ੍ਹਾ ਭਰੋਸਾ ਨਹੀਂ ਕਰਨਾ ਚਾਹੀਦਾ। ਯੂਨੀਵਰਸਿਟੀ ਅਤੇ ਕੋਰਸ ਦੀ ਮਾਨਤਾ ਦੀ ਖ਼ੁਦ ਪੁਸ਼ਟੀ ਕਰੋ। ਜੇ ਤੁਸੀਂ ਜਾਅਲੀ ਡਿਗਰੀ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਭਵਿੱਖ ਵਿਚ ਸਰਕਾਰੀ ਨੌਕਰੀ, ਉੱਚ ਸਿੱਖਿਆ ਜਾਂ ਕੋਈ ਵੀ ਪੇਸ਼ੇਵਰ ਲਾਇਸੈਂਸ ਪ੍ਰਾਪਤ ਕਰਨ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
