ਅਮਰੀਕਾ : ਲੈਂਡਿੰਗ ਸਮੇਂ ਹਵਾਈ ਜਹਾਜ਼ ਨੂੰ ਲੱਗੀ ਅੱਗ


ਟਲਿਆ ਵੱਡਾ ਹਾਦਸਾ, ਲੈਂਡਿੰਗ ਗੇਅਰ ਵਿਚ ਆਈ ਸੀ ਖ਼ਰਾਬੀ
(ਨਿਊਜ਼ ਟਾਊਨ ਨੈਟਵਰਕ)
ਵਾਸ਼ਿੰਗਟਨ, 27 ਜੁਲਾਈ : ਅਮਰੀਕਾ ਇਕ ਵੱਡੇ ਜਹਾਜ਼ ਹਾਦਸੇ ਤੋਂ ਵਾਲ-ਵਾਲ ਬਚ ਗਿਆ ਹੈ। ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਦੁਪਹਿਰ ਨੂੰ ਇਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਅਮਰੀਕਨ ਏਅਰਲਾਈਨਜ਼ ਦੀ ਉਡਾਣ AA3023 ਦੇ ਲੈਂਡਿੰਗ ਗੀਅਰ ਵਿਚ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਜਹਾਜ਼ ਵਿਚ ਸਵਾਰ ਸਾਰੇ 173 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਲਾਂਕਿ, ਇਕ ਯਾਤਰੀ ਨੂੰ ਮਾਮੂਲੀ ਸੱਟਾਂ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬਾਕੀ ਪੰਜ ਯਾਤਰੀਆਂ ਨੂੰ ਮੌਕੇ ‘ਤੇ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿਤੀ ਗਈ। ਇਹ ਘਟਨਾ ਸ਼ਨੀਵਾਰ ਨੂੰ ਦੁਪਹਿਰ 2:45 ਵਜੇ (ਅਮਰੀਕੀ ਸਮੇਂ ਅਨੁਸਾਰ) ਵਾਪਰੀ, ਜਦੋਂ ਫਲਾਈਟ AA3023 ਡੇਨਵਰ ਤੋਂ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ (MIA) ਲਈ ਉਡਾਣ ਭਰਨ ਵਾਲੀ ਸੀ। ਜਹਾਜ਼ ਰਨਵੇਅ 34L ‘ਤੇ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਲੈਂਡਿੰਗ ਗੀਅਰ ਦਾ ਇੱਕ ਟਾਇਰ ਖ਼ਰਾਬ ਹੋ ਗਿਆ। ਇਸ ਕਾਰਨ ਇਸ ਵਿਚ ਅੱਗ ਲੱਗ ਗਈ। ਡੇਨਵਰ ਫਾਇਰ ਡਿਪਾਰਟਮੈਂਟ ਅਤੇ ਹਵਾਈ ਅੱਡਾ ਪ੍ਰਸ਼ਾਸਨ ਤੁਰੰਤ ਮੌਕੇ ‘ਤੇ ਪਹੁੰਚ ਗਿਆ ਅਤੇ ਅੱਗ ‘ਤੇ ਕਾਬੂ ਪਾਇਆ। ਐਮਰਜੈਂਸੀ ਸਲਾਈਡਾਂ ਰਾਹੀਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਮਰੀਕਨ ਏਅਰਲਾਈਨਜ਼ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਜਹਾਜ਼ ਬੋਇੰਗ 737 ਮੈਕਸ 8 ਸੀ ਅਤੇ ਇਸ ਵਿੱਚ ਟਾਇਰ ਨਾਲ ਸਬੰਧਤ ਤਕਨੀਕੀ ਸਮੱਸਿਆ ਸੀ। ਏਅਰਲਾਈਨ ਨੇ ਕਿਹਾ ਕਿ ਪ੍ਰਭਾਵਿਤ ਜਹਾਜ਼ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ ਅਤੇ ਪੂਰੀ ਜਾਂਚ ਕੀਤੀ ਜਾਵੇਗੀ। ਜਹਾਜ਼ ਗੇਟ C34 ਤੋਂ ਰਵਾਨਾ ਹੋਣ ਵਾਲਾ ਸੀ ਅਤੇ ਟੇਕਆਫ ਦਾ ਸਮਾਂ ਦੁਪਹਿਰ 1:12 ਵਜੇ ਸੀ। FAA (ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ) ਨੇ ਇਸ ਨੂੰ ਸੰਭਾਵਿਤ ਲੈਂਡਿੰਗ ਗੀਅਰ ਖਰਾਬੀ ਵਜੋਂ ਰਿਪੋਰਟ ਕੀਤਾ ਹੈ।
