ਇਹ ਘੱਟਗਿਣਤੀਆਂ ਦੇ ਧਾਰਮਕ ਅਧਿਕਾਰਾਂ ਉਤੇ ਹਮਲਾ ਹੈ : ਜ਼ਾਹਿਦਾ ਸੁਲੇਮਾਨ


(ਨਿਊਜ਼ ਟਾਊਨ ਨੈਟਵਰਕ)
ਮਾਲੇਰਕੋਟਲਾ, 27 ਜੁਲਾਈ : ਤਰਨਤਾਰਨ ਤੋਂ ਨਿਆਇਕ ਪ੍ਰੀਖਿਆ ਦੇਣ ਗਈ ਰਾਜਸਥਾਨ ਗਈ ਅੰਮ੍ਰਿਤਧਾਰੀ ਲੜਕੀ ਗੁਰਪ੍ਰੀਤ ਕੌਰ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਤੋਂ ਰੋਕਣਾ ਬਹੁਤ ਹੀ ਨਿੰਦਣਯੋਗ ਹੈ ਅਤੇ ਘੱਟਗਿਣਤੀਆਂ ਦੀ ਧਾਰਮਕ ਆਜ਼ਾਦੀ ਉਤੇ ਕਰੜਾ ਹਮਲਾ ਹੈ ਜਿਸ ਨੂੰ ਅੱਜ ਦੇ ਯੁਗ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਟਿਪਣੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਉਦੋਂ ਕੀਤੀ ਜਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੈਪੁਰ ਵਿਚ ਇਕ ਅੰਮ੍ਰਿਤਧਾਰੀ ਲੜਕੀ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿਤਾ ਗਿਆ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਜੇ ਅੱਜ ਦੇ ਅਤਿ ਆਧੁਨਿਕ ਯੁਗ ਵਿਚ ਪ੍ਰੀਖਿਆ ਲੈਣ ਵਾਲੇ ਅਧਿਆਪਕਾਂ ਅਤੇ ਪ੍ਰੀਖਿਆ ਆਯੋਜਿਤ ਕਰਨ ਵਾਲੀ ਸਰਕਾਰ ਨੂੰ ਸਿੱਖਾਂ ਜਾਂ ਹੋਰ ਘੱਟਗਿਣਤੀ ਲੋਕਾਂ ਦੇ ਧਾਰਮਕ ਅਧਿਕਾਰਾਂ ਬਾਰੇ ਗਿਆਨ ਨਹੀਂ ਤਾਂ ਇਸ ਨੂੰ ਸਭ ਤੋਂ ਵੱਡੀ ਤਰਾਸ਼ਦੀ ਮੰਨਿਆ ਜਾਣਾ ਚਾਹੀਦਾ ਹੈ। ਜਿਥੇ ਇਕ ਪਾਸੇ ਪੰਜਾਬ ਵਿਚ ਰਾਜਸਥਾਨ ਸਮੇਤ ਗ਼ੈਰ-ਪੰਜਾਬੀਆਂ ਨੂੰ ਸਰਕਾਰੀਆਂ ਪਹਿਲੇ ਦੇ ਆਧਾਰ ਤੇ ਦਿਤੀਆਂ ਜਾ ਰਹੀਆਂ ਹਨ, ਉਥੇ ਸਾਡੇ ਬੱਚਿਆਂ ਨੂੰ ਦੂਜੇ ਸੂਬਿਆਂ ਵਿਚ ਪ੍ਰੀਖਿਆਵਾਂ ਵਿਚ ਬੈਠਣ ਤੋਂ ਵੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਕਾਰਨ ਸਾਡੇ ਬੱਚਿਆਂ ਦੇ ਕੋਮਲ ਮਨ ਉਤੇ ਮਾੜਾ ਅਸਰ ਪੈਂਦਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਸੰਸਥਾਵਾਂ ਨੂੰ ਸਖ਼ਤ ਆਦੇਸ਼ ਜਾਰੀ ਕਰੇ ਕਿ ਉਹ ਸਿੱਖ, ਮੁਸਲਿਮ ਅਤੇ ਹੋਰ ਘੱਟਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਮਾਨਸਿਕ ਪੀੜ ਦੇਣ ਤੋਂ ਬਾਜ ਆਉਣ।
