ਗੁਰਸਿੱਖ ਲੜਕੀ ਨੂੰ ਕਕਾਰਾਂ ਕਰਕੇ ਪ੍ਰੀਖਿਆ ਕੇਂਦਰ ’ਚ ਦਾਖ਼ਲ ਹੋਣ ਤੋਂ ਰੋਕਿਆ


ਕਿਰਪਾਨ ਅਤੇ ਕੜਾ ਉਤਾਰਨ ਲਈ ਦਬਾਅ ਪਾਇਆ
(ਨਿਊਜ਼ ਟਾਊਨ ਨੈਟਵਰਕ)
ਜੈਪੁਰ, 27 ਜੁਲਾਈ : ਜੈਪੁਰ ਦੀ ਪੂਰਨਿਮਾ ਯੂਨੀਵਰਸਿਟੀ ਵਿਖੇ ਹੋਈ ਨਿਆਂਇਕ ਸੇਵਾ ਪ੍ਰੀਖਿਆ ਵਿਚ ਉਸ ਸਮੇਂ ਵਿਵਾਦ ਪੈਦਾ ਹੋ ਗਿਆ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਇਕ ਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਉਸ ਦੇ ਧਾਰਮਿਕ ਚਿੰਨ੍ਹਾਂ (ਕਾਕਾਰਾਂ) ਕਾਰਨ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਤੋਂ ਰੋਕ ਦਿਤਾ ਗਿਆ। ਗੁਰਪ੍ਰੀਤ ਕੌਰ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਦੀ ਰਹਿਣ ਵਾਲੀ ਹੈ। ਜ਼ਿਰਕਯੋਗ ਹੈ ਕਿ ਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਜੈਪੁਰ ’ਚ ਪੂਰਨਿਮਾ ਯੂਨੀਵਰਸਿਟੀ ’ਚ ਪੇਪਰ ਦੇਣ ਲਈ ਗਈ ਸੀ ਪਰ ਉਸ ਨੂੰ ਕਕਾਰਾਂ ਕਰਕੇ ਅੰਦਰ ਜਾਣ ਨਹੀਂ ਦਿਤਾ ਗਿਆ। ਉਸ ਨੂੰ ਅਧਿਕਾਰੀਆਂ ਵਲੋਂ ਕਕਾਰ ਲਾਹੁਣ ਦੇ ਵੀ ਹੁਕਮ ਦਿਤੇ ਗਏ ਪਰ ਗੁਰਸਿੱਖ ਕੁੜੀ ਵਲੋਂ ਅਜਿਹਾ ਨਾ ਕੀਤਾ ਗਿਆ ਜਿਸ ਕਾਰਨ ਉਹ ਪ੍ਰੀਖਿਆ ਕੇਂਦਰ ਦੇ ਬਾਹਰ ਖੜੀ ਰਹੀ। ਗੁਰਸਿੱਖ ਕੁੜੀ ਨੇ ਦੱਸਿਆ ਕਿ ਉਹ ਪੂਰਨਿਮਾ ਯੂਨੀਵਰਸਿਟੀ ਜੈਪੂਰ ਵਿਚ ਰਾਜਸਥਾਨ ਨਿਆਂਇਕ ਸੇਵਾ ਪ੍ਰੀਖਿਆ ਦੇਣ ਲਈ ਇਥੇ ਆਈ ਹੈ। ਉਸ ਨੇ ਅਪਣੀ ਪੂਰੀ ਫ਼ੀਸ ਭਰੀ ਹੋਈ ਹੈ ਅਤੇ ਪੇਪਰ ਦੇਣ ਸਮੇਂ ਉਹ ਅਜਿਹਾ ਕੁੱਝ ਵੀ ਨਾਲ ਲੈ ਕੇ ਨਹੀਂ ਆਈ ਹੈ ਜਿਸ ਕਾਰਨ ਉਹ ਪੇਪਰ ਨਾ ਦੇ ਸਕੇ। ਅਨੁਛੇਦ 25 ਮੁਤਾਬਕ ਉਹ ਕਿਰਪਾਨ ਪਾ ਕੇ ਪੇਪਰ ਦੇ ਸਕਦੀ ਹੈ ਪਰ ਉਸ ਨੂੰ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ ਹੁਕਮ ਹਨ ਕਿ ਕਿਰਪਾਨ ਅਤੇ ਕੜਾ ਪਾ ਕੇ ਪੇਪਰ ਨਹੀਂ ਦੇ ਸਕਦੀ। ਉਸ ਨੂੰ ਇਕ ਧਾਰਾ ਪੜ੍ਹ ਕੇ ਸੁਣਾਈ ਗਈ ਕਿ ਕੋਈ ਨੁਕੀਲੀ ਚੀਜ਼ ਜਾਂ ਜੀਂਸ ਪਾ ਕੇ ਪ੍ਰੀਖਿਆ ਨਹੀਂ ਦਿਤੀ ਜਾ ਸਕਦੀ। ਹਾਲਾਂਕਿ ਗੁਰਸਿੱਖ ਲੋਕਾਂ ਲਈ ਅਜਿਹਾ ਕੁਝ ਨਹੀਂ ਲਿਖਿਆ ਹੋਇਆ ਹੈ ਕਿ ਉਹ ਕਿਰਪਾਨ ਪਾ ਕੇ ਪੇਪਰ ਨਹੀਂ ਸਕਦੇ। ਪੀੜਤ ਲੜਕੀ ਨੇ ਕਿਹਾ ਕਿ ਜੇ ਅਜਿਹਾ ਕੁਝ ਸੀ ਤਾਂ ਪਹਿਲਾਂ ਦੱਸਿਆ ਜਾਂਦਾ ਤਾਂ ਉਹ ਇਥੇ ਫ਼ੀਸ ਨਾ ਭਰਦੀ ਅਤੇ ਉਹ ਇਥੇ ਨਾ ਆਉਂਦੀ। ਉਹ ਇਥੇ ਸਭ ਤੋਂ ਪਹਿਲਾਂ ਪਹੁੰਚੀ ਸੀ ਅਤੇ ਉਸ ਨੂੰ ਕੱਢ ਦਿਤਾ ਗਿਆ ਹੈ। ਉਨ੍ਹੇ ਇਹ ਵੀ ਦੱਸਿਆ ਕਿ ਉਸ ਨੂੰ ਪ੍ਰੀਖਿਆ ਲੈਣ ਵਾਲੇ ਨੋਡਲ ਅਫ਼ਸਰ ਦੀ ਜਾਣਕਾਰੀ ਜਾਂ ਫੇਰ ਨਾਮ ਤਕ ਨਹੀਂ ਦੱਸਿਆ ਗਿਆ। ਉਸ ਨੂੰ ਕਿਹਾ ਗਿਆ ਕਿ ਇਸ ਸਬੰਧੀ ਉਹ ਹਾਈ ਕੋਰਟ ਦੇ ਰਜਿਸਟਰਾਰ ਅਧਿਕਾਰੀ ਨਾਲ ਸੰਪਰਕ ਕਰੇ। ਜ਼ਿਕਰਯੋਗ ਹੈ ਕਿ ਹੁਣ ਇਹ ਮਾਮਲਾ ਕਾਫ਼ੀ ਭਖ ਗਿਆ ਹੈ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ’ਤੇ ਸਖ਼ਤ ਇਤਰਾਜ ਪ੍ਰਗਟਾਇਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮਾਮਲੇ ਦੀ ਪੈਰਵਾਈ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਸਿੱਖ ਗੁਰਪ੍ਰੀਤ ਕੌਰ ਨੂੰ ਕਕਾਰਾਂ ਕਰਕੇ ਪ੍ਰੀਖਿਆ ਕੇਂਦਰ ’ਚ ਦਾਖ਼ਲ ਨਹੀਂ ਹੋਣ ਦਿਤਾ ਗਿਆ ਜੋ ਕਿ ਸਹੀ ਨਹੀਂ ਹੈ।
