ਪਤਨੀ ਦੇ ਕਾਲੇ ਰੰਗ ਬਾਰੇ ਕੀਤਾ ਗਿਆ ਮਜ਼ਾਕ ਬੇਰਹਿਮੀ ਨਹੀਂ : ਹਾਈ ਕੋਰਟ


ਕਿਹਾ, ਖਾਣਾ ਬਣਾਉਣ ਦੀਆਂ ਆਦਤਾਂ ਦਾ ਵੀ ਮਜ਼ਾਕ ਉਡਾਉਣਾ ਵੀ ਅਪਰਾਧ ਨਹੀਂ
(ਨਿਊਜ਼ ਟਾਊਨ ਨੈਟਵਰਕ)
ਮੁੰਬਈ, 26 ਜੁਲਾਈ : ਬੰਬੇ ਹਾਈ ਕੋਰਟ ਨੇ 27 ਸਾਲ ਪੁਰਾਣੇ ਇਕ ਮਾਮਲੇ ਵਿਚ ਪਤੀ ਨੂੰ ਰਾਹਤ ਦਿੰਦਿਆਂ ਇਕ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਅਪਣੇ ਹੁਕਮ ਵਿਚ ਕਿਹਾ ਹੈ ਕਿ ਪਤਨੀ ਦੇ ਕਾਲੇ ਰੰਗ ਅਤੇ ਖਾਣਾ ਪਕਾਉਣ ਦੀਆਂ ਆਦਤਾਂ ਦਾ ਮਜ਼ਾਕ ਉਡਾਉਣਾ ‘ਬੇਰਹਿਮੀ’ ਦੇ ਦਾਇਰੇ ਵਿਚ ਨਹੀਂ ਆਉਂਦਾ। ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਰਹਿਣ ਵਾਲੇ ਸਦਾਸ਼ਿਵ ਰੂਪਨਵਰ ਨੂੰ 1998 ਵਿਚ ਅਪਣੀ ਪਤਨੀ ਪ੍ਰੇਮਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਬੇਰਹਿਮੀ ਦਾ ਦੋਸ਼ੀ ਠਹਿਰਾਇਆ ਗਿਆ ਸੀ। ਪ੍ਰੇਮਾ ਜਨਵਰੀ 1998 ਵਿਚ ਅਪਣੇ ਸਹੁਰਾ ਘਰੋਂ ਗ਼ਾਇਬ ਹੋ ਗਈ ਸੀ ਅਤੇ ਬਾਅਦ ਵਿਚ ਉਸ ਦੀ ਲਾਸ਼ ਇਕ ਖੂਹ ਵਿਚੋਂ ਬਰਾਮਦ ਹੋਈ ਸੀ। ਪ੍ਰੇਮਾ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸਦਾਸ਼ਿਵ ਅਤੇ ਉਸ ਦੇ ਪਿਤਾ ਵਿਰੁਧ ਮਾਮਲਾ ਦਰਜ ਕੀਤਾ ਸੀ। ਦੋਹਾਂ ਵਿਰੁਧ ਦੋਸ਼ ਸੀ ਕਿ ਪ੍ਰੇਮਾ ਨੇ ਉਨ੍ਹਾਂ ਦੀ ਪਰੇਸ਼ਾਨੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਸੀ। ਹੇਠਲੀ ਅਦਾਲਤ ਨੇ ਸਦਾਸ਼ਿਵ ਦੇ ਪਿਤਾ ਨੂੰ ਰਿਹਾਅ ਕਰ ਦਿਤਾ ਪਰ ਸਦਾਸ਼ਿਵ ਨੂੰ ਪਤਨੀ ਨਾਲ ਬੇਰਹਿਮੀ ਦੇ ਦੋਸ਼ਾਂ ਵਿਚ ਇਕ ਸਾਲ ਅਤੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ। ਸਦਾਸ਼ਿਵ, ਜੋ ਉਸ ਸਮੇਂ 23 ਸਾਲ ਦਾ ਸੀ ਅਤੇ ਚਰਵਾਹੇ ਵਜੋਂ ਕੰਮ ਕਰਦਾ ਸੀ, ਨੇ ਉਸੇ ਸਾਲ ਸਜ਼ਾ ਵਿਰੁਧ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਸੀ। ਕੇਸ ਦੀ ਸੁਣਵਾਈ ਦੌਰਾਨ ਜਸਟਿਸ ਐਸਐਮ ਮੋਦਕ ਦੀ ਸਿੰਗਲ ਜੱਜ ਬੈਂਚ ਨੇ ਪਾਇਆ ਕਿ ਪਰੇਸ਼ਾਨੀ ਦੇ ਦੋਸ਼ ਮੁੱਖ ਤੌਰ ‘ਤੇ ਪਤੀ ਦੁਆਰਾ ਅਪਣੀ ਪਤਨੀ ਦੇ ਕਾਲੇ ਰੰਗ ਦਾ ਮਜ਼ਾਕ ਉਡਾਉਣ ਅਤੇ ਉਸ ਨੂੰ ਦੁਬਾਰਾ ਵਿਆਹ ਕਰਨ ਦੀ ਧਮਕੀ ਦੇਣ ਤਕ ਸੀਮਤ ਸਨ। ਇਸ ਦੇ ਨਾਲ ਹੀ ਸਹੁਰਾ ਵਿਰੁਧ ਨੂੰਹ ਦੇ ਖਾਣਾ ਪਕਾਉਣ ਦੇ ਹੁਨਰ ਦੀ ਆਲੋਚਨਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਕਿਹਾ, “ਇਨ੍ਹਾਂ ਨੂੰ ਵਿਆਹੁਤਾ ਜੀਵਨ ਦੇ ਝਗੜੇ ਕਿਹਾ ਜਾ ਸਕਦਾ ਹੈ। ਇਹ ਘਰੇਲੂ ਝਗੜੇ ਹਨ। ਇਹ ਵੀ ਅਜਿਹਾ ਨਹੀਂ ਸੀ ਕਿ ਇਹ ਖ਼ੁਦਕੁਸ਼ੀ ਲਈ ਉਕਸਾਉਣ ਦੇ ਬਰਾਬਰ ਹੋ ਸਕਦਾ ਹੈ।” ਅਦਾਲਤ ਨੇ ਇਹ ਵੀ ਕਿਹਾ ਕਿ ਇਸਤਗਾਸਾ ਪੱਖ ਕਥਿਤ ਪਰੇਸ਼ਾਨੀ ਅਤੇ ਖ਼ੁਦਕੁਸ਼ੀ ਵਿਚਕਾਰ ਸਿੱਧਾ ਸਬੰਧ ਸਥਾਪਤ ਕਰਨ ਵਿਚ ਅਸਫ਼ਲ ਰਿਹਾ। ਹਾਈ ਕੋਰਟ ਦੇ ਜੱਜ ਨੇ ਸਪੱਸ਼ਟ ਕੀਤਾ ਕਿ ਭਾਵੇਂ ਪਰੇਸ਼ਾਨੀ ਸੀ ਪਰ ਇਹ ਉਸ ਕਿਸਮ ਦੀ ਪਰੇਸ਼ਾਨੀ ਨਹੀਂ ਸੀ ਜਿਸ ਕਾਰਨ ਅਪਰਾਧਿਕ ਕਾਨੂੰਨ ਲਾਗੂ ਹੋਵੇਗਾ। ਅਦਾਲਤ ਨੇ ਜ਼ੋਰ ਦਿਤਾ ਕਿ ਦੋਸ਼ੀ ਠਹਿਰਾਉਣ ਲਈ ਖ਼ੁਦਕੁਸ਼ੀ ਲਈ ਉਕਸਾਉਣਾ ਅਤੇ ਖ਼ੁਦਕੁਸ਼ੀ ਦੋਹਾਂ ਨੂੰ ਸੁਤੰਤਰ ਤੌਰ ‘ਤੇ ਸਾਬਤ ਕਰਨਾ ਪਵੇਗਾ। ਅਦਾਲਤ ਨੇ ਇਕ ਵਿਆਹੁਤਾ ਔਰਤ ਪ੍ਰਤੀ ਬੇਰਹਿਮੀ ਦੇ ਤਹਿਤ ਦਿਤੀ ਗਈ ਵਿਆਖਿਆ ਦੀ ਦੁਰਵਰਤੋਂ ਕਰਨ ਲਈ ਹੇਠਲੀ ਅਦਾਲਤ ਦੀ ਵੀ ਆਲੋਚਨਾ ਕੀਤੀ। ਇਸ ਫ਼ੈਸਲੇ ਨੇ ਘਰੇਲੂ ਵਿਵਾਦਾਂ ਅਤੇ ਅਪਰਾਧਿਕ ਬੇਰਹਿਮੀ ਦੀ ਪਰਿਭਾਸ਼ਾ ਨੂੰ ਲੈ ਕੇ ਇਕ ਮਹੱਤਵਪੂਰਨ ਮਿਸਾਲ ਕਾਇਮ ਕੀਤੀ ਹੈ।
