ਅਰਮਾਨ ਮਲਿਕ ਅਤੇ ਦੋਹਾਂ ਪਤਨੀਆਂ ਨੂੰ ਪਟਿਆਲਾ ਅਦਾਲਤ ਨੇ ਜਾਰੀ ਕੀਤਾ ਨੋਟਿਸ


(ਗੁਰਪ੍ਰਤਾਪ ਸਾਹੀ)
ਪਟਿਆਲਾ, 26 ਜੁਲਾਈ : ਮਸ਼ਹੂਰ ਯੂ-ਟਿਊਬਰ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਮਲਿਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਰਅਸਲ ਪਟਿਆਲਾ ਕੋਰਟ ਨੇ ਅਸ਼ਲੀਲ ਕੱਪੜੇ ਪਾ ਕੇ ਕਾਲੀ ਮਾਤਾ ਦਾ ਭੇਸ ਧਾਰਨ ਕਰਨ ਦਾ ਨੋਟਿਸ ਲਿਆ ਹੈ। ਇਸ ਤੋਂ ਇਲਾਵਾ ਮਾਮਲੇ ’ਚ ਪੁਲਿਸ ਨੂੰ ਡਿਟੇਲ ਰਿਪੋਰਟ ਪੇਸ਼ ਕਰਨ ਦੇ ਵੀ ਹੁਕਮ ਦਿਤੇ ਹਨ। ਮਿਲੀ ਜਾਣਕਾਰੀ ਮੁਤਾਬਕ ਅਰਮਾਨ ਮਲਿਕ, ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਵਿਰੁਧ ਦਵਿੰਦਰ ਰਾਜਪੂਤ ਨੇ ਪਟੀਸ਼ਨ ਦਾਇਰ ਕੀਤੀ ਸੀ। ਐਡਵੋਕੇਟ ਦਵਿੰਦਰ ਰਾਜਪੂਤ ਵਲੋਂ ਕੋਰਟ ’ਚ ਇਨਸਾਫ਼ ਦੀ ਮੰਗ ਕੀਤੀ ਗਈ। ਪਾਇਲ ਮਲਿਕ, ਅਰਮਾਨ ਮਲਿਕ, ਕ੍ਰਿਤਿਕਾ ਮਲਿਕ ਵਿਰੁਧ ਸਾਰੇ ਸਬੂਤ ਅਦਾਲਤ ਵਿਚ ਪੇਸ਼ ਕੀਤੇ ਗਏ ਅਤੇ ਜੱਜ ਨੇ ਪਟਿਆਲਾ ਪੁਲਿਸ ਨੂੰ ਇਕ ਡਿਟੇਲ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿਤੇ। ਬਿੱਗ ਬੌਸ ਓ.ਟੀ.ਟੀ. ਸੀਜ਼ਨ 3 ਵਿਚ ਨਜ਼ਰ ਆਈ ਪਾਇਲ ਮਲਿਕ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਪਹੁੰਚ ਕੇ ਮੁਆਫ਼ੀ ਮੰਗੀ ਸੀ। ਪਾਇਲ ਨੇ ਹਾਲ ਹੀ ਵਿਚ ਮਾਂ ਕਾਲੀ ਦੇ ਰੂਪ ਵਿਚ ਇਕ ਵੀਡੀਓ ਬਣਾਈ ਸੀ ਜਿਸ ਨਾਲ ਸ਼ਿਵ ਸੈਨਾ ਦੇ ਹਿੰਦੂਆਂ ਨੂੰ ਗੁੱਸਾ ਆਇਆ ਸੀ।