ਕਾਰ ਸਵਾਰ 11 ਲੋਕਾਂ ਦੀ ਜਾਨ ਬਚਾਉਣ ਵਾਲੀ PCR ਟੀਮ ਨੂੰ ਮਿਲੇ CM ਮਾਨ


ਬਠਿੰਡਾ, 25 ਜੁਲਾਈ, 2025 (ਨਿਊਜ਼ ਟਾਊਨ ਨੈਟਵਰਕ) :
ਬੀਤੇ ਦਿਨ ਬਠਿੰਡਾ ਦੀ ਸਰਹਿੰਦ ਨਹਿਰ ਵਿੱਚ ਡਿੱਗੀ ਕਾਰ ਵਿਚੋਂ 11 ਲੋਕਾਂ ਦੀ ਜਾਨ ਬਚਾ ਕੇ ਬਠਿੰਡਾ ਪੁਲਿਸ ਦੇ ਚਾਰ ਪੀ.ਸੀ.ਆਰ. ਮੁਲਾਜ਼ਮਾਂ ਨੇ ਬਹਾਦੁਰੀ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਇਸ ਦਲੇਰੀ ਲਈ ਕੱਲ੍ਹ ਐੱਸ.ਐੱਸ.ਪੀ. ਬਠਿੰਡਾ ਅਵਨੀਤ ਕੌਂਡਲ ਵੱਲੋਂ ਉਨ੍ਹਾਂ ਨੂੰ ਡੀ.ਜੀ.ਪੀ. ਡਿਸਕ ਅਤੇ 25-25 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ।

ਇਸ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਰਿਹਾਇਸ਼ ‘ਤੇ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਦੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਬਹਾਦਰ ਪੁਲਿਸ ਮੁਲਾਜ਼ਮਾਂ ਨੇ ਕਾਰ ਵਿੱਚ ਸਵਾਰ 11 ਲੋਕਾਂ ਨੂੰ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਰਹਿੰਦ ਨਹਿਰ ਵਿੱਚ ਇੱਕ ਕਾਰ ਡਿੱਗ ਪਈ ਜਿਸ ਵਿੱਚ ਪੰਜ ਬੱਚਿਆਂ ਸਮੇਤ ਕੁੱਲ 11 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੀ.ਸੀ.ਆਰ. ਟੀਮ ਮੌਕੇ ਉਤੇ ਪਹੁੰਚੀ। ਹੈੱਡ ਕਾਂਸਟੇਬਲ ਜਸਵੰਤ ਸਿੰਘ ਨੇ ਜਦੋਂ ਵੇਖਿਆ ਕਿ ਛੋਟੇ-ਛੋਟੇ ਬੱਚੇ ਕਾਰ ਵਿੱਚ ਫਸੇ ਹੋਏ ਹਨ ਤਾਂ ਉਨ੍ਹਾਂ ਨੇ ਬਿਨਾ ਕਿਸੇ ਝਿਜਕ ਦੇ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ, ਹਾਲਾਂਕਿ ਉਨ੍ਹਾਂ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ। ਉਨ੍ਹਾਂ ਦੇ ਸਾਥੀ ਨੇ ਫਟਾਫਟ ਨਹਿਰ ਵਿੱਚ ਰੱਸੀ ਸੁੱਟੀ ਜਿਸ ਰਾਹੀਂ ਇਕ-ਇਕ ਕਰਕੇ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ।