ਨਸ਼ੇ ਖਿਲਾਫ ਕਾਰਵਾਈ ਕਰਨ ਗਈ ਪੁਲਿਸ ਪਾਰਟੀ ਤੇ ਹਮਲਾ, ਚੱਲੀਆਂ ਗੋਲੀਆਂ

0
12_11_387380342untitled-8 copy-ll

ਦਸੂਹਾ 23 ਜੁਲਾਈ (ਨਿਊਜ਼ ਟਾਊਨ ਨੈੱਟਵਰਕ ) ਦਸੂਹਾ ਵਿਖੇ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਥਾਣਾ ਦਸੂਹਾ ਅਧੀਨ ਪਿੰਡ ਬੁਧੋਬਰਕਤ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦੇ ਦਸੂਹਾ ਪੁਲਸ ਦੇ ਏ. ਐੱਸ. ਆਈ. ਸਰਬਜੀਤ ਸਿੰਘ ਅਤੇ ਹੋਰ ਮੁਲਾਜ਼ਮ ਜਦੋਂ ਬੁੱਧੋਬਰਕਤ ਵਿਖੇ ਨਸ਼ਾ ਫੜਨ ਸਬੰਧੀ ਇਸ ਪਿੰਡ ਵਿੱਚ ਗਏ ਤਾਂ ਨਸ਼ਾ ਵੇਚਣ ਵਾਲੇ ਪੁਲਸ ਨਾਲ ਹੱਥੋਪਾਈਂ ਹੋ ਗਏ। ਜਿਸ ਨਾਲ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।

ਇਸ ਸਬੰਧੀ ਸਿਵਲ ਹਸਪਤਾਲ ਵਿਚ ਦਾਖ਼ਲ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ 112 ਨੰਬਰ ਤੋਂ ਉਨ੍ਹਾਂ ਨੂੰ ਕਾਲ ਆਈ ਸੀ ਕਿ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਇਸ ਪਿੰਡ ਵਿੱਚ ਨਿਰੰਜਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬੁੱਧੋਬਰਕਤ ਸਾਬਕਾ ਸਰਪੰਚ ਅਤੇ ਹੋਰ ਨਸ਼ਾ ਵੇਚਦੇ ਹਨ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਉਹ ਇਕ ਹੋਰ ਮੁਲਾਜ਼ਮ ਸੁਖਦੇਵ ਨਾਲ ਮੌਕੇ ‘ਤੇ ਪਹੁੰਚੇ। ਜਦੋਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਨਾਲ ਨਸ਼ਿਆਂ ਸਬੰਧੀ ਗੱਲਬਾਤ ਹੋਈ। ਮੌਕੇ ‘ਤੇ ਘਰ ਦੇ ਮਾਲਕ ਨਿਰੰਜਣ ਸਿੰਘ ਅਤੇ ਉਸ ਦੇ ਘਰ ਵਾਲਿਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਲੋਕ ਵੀ ਇਕੱਠੇ ਹੋ ਗਏ। ਮੌਕੇ ‘ਤੇ ਹਾਲਾਤ ਨੂੰ ਵੇਖਦਿਆਂ ਆਪਣੇ ਬਚਾਓ ਲਈ ਉਨ੍ਹਾਂ ਨੂੰ ਗੋਲ਼ੀਆਂ ਚਲਾਉਣੀਆਂ ਪਈਆਂ। ਸਿੱਟੇ ਵਜੋਂ ਨਿਰੰਜਣ ਸਿੰਘ ਅਤੇ ਭੁਪਿੰਦਰ ਸਿੰਘ ‘ਤੇ ਲੱਤਾਂ ‘ਤੇ ਗੋਲ਼ੀਆਂ ਲੱਗੀਆਂ ਅਤੇ ਹਰਵਿੰਦਰ ਸਿੰਘ ਦੇ ਬਾਂਹ ਦੇ ਛਰੇ ਲੱਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਨੇ ਬੰਦੀ ਬਣਾ ਲਿਆ ਸੀ।

ਸੂਚਨਾ ਮਿਲਣ ‘ਤੇ ਥਾਣਾ ਮੁਖੀ ਦਸੂਹਾ ਰਜਿੰਦਰ ਸਿੰਘ ਮਨਹਾਸ ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਮੌਕੇ ‘ਤੇ ਹੋਰ ਪੁਲਸ ਪਾਰਟੀ ਲੈ ਕੇ ਪਹੁੰਚੇ ਅਤੇ ਉਨ੍ਹਾਂ ਨੇ ਦੋਵੇਂ ਮੁਲਾਜ਼ਮਾਂ ਨੂੰ ਇਨ੍ਹਾਂ ਦੀ ਚੁੰਗਲ ਵਿੱਚੋਂ ਛੁਡਵਾਇਆ ਅਤੇ ਇਸ ਤੋਂ ਬਾਅਦ ਸਿਵਲ ਹਸਪਤਾਲ ਦਸੂਹਾ ਦਾਖ਼ਲ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਖ਼ਮੀ ਹੋਏ ਨਿਰੰਜਣ ਸਿੰਘ ਪੁੱਤਰ ਬਲਕਾਰ ਸਿੰਘ ਨਿਵਾਸੀ ਬੁੱਧੋਬਰਕਤ ਅਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਘਈਆ ਅਤੇ ਹਰਵਿੰਦਰ ਸਿੰਘ ਨੂੰ ਵੀ ਸਿਵਲ ਹਸਪਤਾਲ ਦਸੂਹਾ ਦਾਖ਼ਲ ਕਰਵਾਇਆ ਗਿਆ। ਹਰਵਿੰਦਰ ਸਿੰਘ ਨੁੰ ਮੁੱਢਲੀ ਸਹਾਇਤ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਨਿਰੰਜਣ ਸਿੰਘ ਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਨੁੰ ਜਲੰਧਰ ਵਿਖੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।

ਇਸ ਸਬੰਧ ਵਿੱਚ ਜਦੋਂ ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿਮ ਸ਼ੁਰੂ ਕੀਤੀ ਹੈ, ਉਸ ਅਧੀਨ ਹੀ ਏ. ਐੱਸ. ਆਈ. ਸਰਬਜੀਤ ਸਿੰਘ ਪੁਲਸ ਪਾਰਟੀ ਨਾਲ ਗਏ ਸਨ ਅਤੇ ਉਸ ‘ਤੇ ਸੰਬੰਧਤ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਸਬੰਧ ਵਿੱਚ ਚਾਰ ਵਿਅਕਤੀਆਂ ਦੇ ਵਿਰੁੱਧ ਬਾਈ ਨੇਮ ਜਿਨ੍ਹਾਂ ਵਿੱਚ ਨਰੰਜਣ ਸਿੰਘ ਭੁਪਿੰਦਰ ਸਿੰਘ ਹਰਵਿੰਦਰ ਸਿੰਘ ਅਤੇ ਲਗਭਗ 20 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਜਦਕਿ ਦੂਜੇ ਪੱਖ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿੱਲ ਸਕੀ ।

Leave a Reply

Your email address will not be published. Required fields are marked *