ਸੇਮਨਾਲੇ ‘ਚੋਂ ਮਿਲੀ ਅਧਖੜ ਔਰਤ ਦੀ ਲਾਸ਼


ਮਮਦੋਟ, 21 ਜੁਲਾਈ (ਰਾਜੇਸ਼ ਧਵਨ) : ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅਤੇ ਥਾਣਾ ਲੱਖੋ ਕਿ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਗਜਨੀ ਵਾਲਾ ਦੇ ਬਾਹਰਵਾਰ ਲੰਘਦੇ ਬਰਸਾਤੀ ਸੇਮਨਾਲੇ ਵਿਚੋਂ ਪਿੰਡ ਵਾਸੀਆਂ ਨੂੰ ਇਕ ਅਧਖੜ ਔਰਤ ਦੀ ਲਾਸ਼ ਅਰਧ ਨਗਨ ਹਾਲਤ ਵਿਚ ਮਿਲੀ ਹੈ। ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਮਾਮਲੇ ਸਬੰਧੀ ਪੱਤਰਕਾਰਾਂ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਸੈਰ ਕਰਨ ਅਤੇ ਖੇਤਾਂ ਨੂੰ ਗੇੜਾ ਮਾਰਨ ਗਏ ਕਿਸਾਨਾਂ ਨੇ ਉਕਤ ਸੇਮਨਾਲੇ ਵਿਚ ਪੁਲ ਦੇ ਨੇੜੇ ਚਿੱਕੜ ਵਿਚ ਪਈ ਇਕ ਔਰਤ ਦੀ ਲਾਸ਼ ਵੇਖੀ, ਖਬਰ ਸੁਣਦਿਆਂ ਹੀ ਲੋਕ ਮੌਕੇ ਤੇ ਇਕੱਠੇ ਹੋ ਗਏ ਤੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਪੁਲਿਸ ਦੇ ਪਹੁੰਚਣ ਤੇ ਪਿੰਡ ਵਾਸੀਆਂ ਨੇ ਮਿਲ ਕੇ ਲਾਸ਼ ਨੂੰ ਡਰੇਨ ਤੋਂ ਬਾਹਰ ਕੱਢਿਆ। ਲੋਕਾਂ ਨੇ ਖਦਸ਼ਾ ਜਤਾਇਆ ਕਿ ਇਸ ਔਰਤ ਦਾ ਕਤਲ ਕਰਕੇ ਲਾਸ਼ ਨੂੰ ਡਰੇਨ ਵਿਚ ਸੁੱਟਿਆ ਗਿਆ ਜਾਪਦਾ ਹੈ, ਕਿਉਂਕਿ ਉਕਤ ਔਰਤ ਦੇ ਗਲੇ ‘ਤੇ ਕੱਟ ਦਾ ਨਿਸ਼ਾਨ ਹੈ। ਥਾਣਾ ਲੱਖੋ ਕਿ ਬਹਿਰਾਮ ਦੀ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਛਾਣ ਲਈ ਰਖਵਾ ਦਿਤਾ ਹੈ।