ਮਾਂ ਕਾਲੀ ਦੇ ਰੂਪ ਨੂੰ ਲੈ ਕੇ ਵਿਵਾਦ ‘ਚ ਘਿਰੀ ਪਾਇਲ ਮਲਿਕ ਨੇ ਮੰਗੀ ਮਾਫ਼ੀ


ਸ਼ਿਵਸੇਨਾ ਹਿੰਦ ਵਲੋਂ ਇਤਰਾਜ ਉਠਾਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਦਿਤੀ ਸਫਾਈ
ਜ਼ੀਰਕਪੁਰ, 21 ਜੁਲਾਈ (ਅਵਤਾਰ ਧੀਮਾਨ) : ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਆਏ ਇਕ ਵੀਡੀਓ ਕਾਰਨ ਅਦਾਕਾਰਾ ਪਾਇਲ ਮਲਿਕ ਵਿਵਾਦਾਂ ‘ਚ ਘਿਰ ਗਈ ਸੀ, ਜਿਸ ਵਿਚ ਉਸਨੇ ਮਾਂ ਕਾਲੀ ਦਾ ਰੂਪ ਧਾਰਨ ਕੀਤਾ ਹੋਇਆ ਸੀ। ਇਸ ਵੀਡੀਓ ‘ਤੇ ਸ਼ਿਵਸੇਨਾ ਹਿੰਦ ਵਲੋਂ ਸਖ਼ਤ ਐਤਰਾਜ਼ ਜਤਾਉਂਦੇ ਹੋਏ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਗਿਆ ਸੀ ਅਤੇ ਢਕੌਲੀ ਥਾਣੇ ‘ਚ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਸ਼ਿਵਸੇਨਾ ਹਿੰਦ ਦੇ ਰਾਸ਼ਟਰੀ ਮਹਾਸਚਿਵ ਦੀਪਾਂਸ਼ੂ ਸੂਦ ਵਲੋਂ ਪ੍ਰਸ਼ਾਸਨ ਨੂੰ 72 ਘੰਟਿਆਂ ਦੀ ਮਿਆਦ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਸੰਸਥਾ ਵਲੋਂ ਕਿਹਾ ਗਿਆ ਸੀ ਕਿ ਧਾਰਮਿਕ ਪ੍ਰਤੀਕਾਂ ਨਾਲ ਅਜਿਹਾ ਵਿਹਾਰ ਸਵੀਕਾਰਯੋਗ ਨਹੀਂ। ਇਸ ਪੂਰੇ ਮਾਮਲੇ ਵਿਚਕਾਰ ਅਦਾਕਾਰਾ ਪਾਇਲ ਮਲਿਕ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਪੇਜ ਰਾਹੀਂ ਇਕ ਮਾਫੀਨਾਮਾ ਜਾਰੀ ਕੀਤਾ ਹੈ ਜਿਸ ਵਿਚ ਉਸਨੇ ਸਾਫ ਕੀਤਾ ਕਿ ਉਸਦਾ ਉਦੇਸ਼ ਕਿਸੇ ਵੀ ਧਰਮ ਜਾਂ ਸਮਾਜ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਲਿਖਿਆ ਕਿ ਜੇ ਕਿਸੇ ਨੂੰ ਉਨ੍ਹਾਂ ਦੇ ਅਦਾਕਾਰੀ ਜਾਂ ਪ੍ਰਸਤੁਤੀ ਕਾਰਨ ਭਾਵਨਾਤਮਕ ਚੋਟ ਪਹੁੰਚੀ ਹੋਵੇ ਤਾਂ ਉਹ ਖੇਦ ਪ੍ਰਗਟ ਕਰਦੀ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਪਾਇਲ ਮਲਿਕ ਮੰਗਲਵਾਰ, 22 ਜੁਲਾਈ ਨੂੰ ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਵਿਖੇ ਜਾ ਕੇ ਮੁਆਫੀ ਮੰਗਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਉਥੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵੀ ਰਹੇਗੀ। ਸੂਤਰਾਂ ਮੁਤਾਬਕ ਜੇਕਰ ਅਦਾਕਾਰਾ ਮੰਦਰ ‘ਚ ਆ ਕੇ ਸਰਵਜਨਕ ਤੌਰ ‘ਤੇ ਮੁਆਫੀ ਮੰਗਦੀ ਹੈ ਤਾਂ ਅੱਗੇ ਦੀ ਕਾਰਵਾਈ ਬਾਰੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ।ਜਿਕਰਯੋਗ ਹੈ ਕਿ ਹਾਲੀਆਂ ਸਾਲਾਂ ‘ਚ ਧਾਰਮਿਕ ਪ੍ਰਤੀਕਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਵਾਰ ਵਿਵਾਦ ਹੋ ਚੁੱਕੇ ਹਨ। ਅਜਿਹੇ ‘ਚ ਇਹ ਮਾਮਲਾ ਵੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਸਭ ਦੀਆਂ ਨਿਗਾਹਾਂ ਹੁਣ ਮੰਗਲਵਾਰ ਨੂੰ ਪਟਿਆਲਾ ਵਿਚ ਹੋਣ ਵਾਲੀ ਮੁਆਫੀ ‘ਤੇ ਟਿਕੀਆਂ ਹੋਈਆਂ ਹਨ।