2027 ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣਾ ਫ਼ੈਸਲਾ ਕਰ ਚੁੱਕਾ ਹੈ ਮਾਝਾ : ਜ਼ਾਹਿਦਾ ਸੁਲੇਮਾਨ


ਸ਼ਹੀਦ ਬਾਬਾ ਸੁਧਾ ਸਿੰਘ ਸਪੋਰਟਸ ਕਲੱਬ ਕੁਠਾਲਾ ਦੇ ਟੂਰਨਾਮੈਂਟ ਵਿਚ ਜ਼ਾਹਿਦਾ ਸੁਲੇਮਾਨ ਨੇ ਲਵਾਈ ਹਾਜ਼ਰੀ


(ਨਿਊਜ਼ ਟਾਊਨ ਨੈਟਵਰਕ)
ਸੰਦੌੜ, 20 ਜੁਲਾਈ : ਇਥੋਂ ਥੋੜੀ ਦੂਰ ਸਥਿਤ ਪਿੰਡ ਕੁਠਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਸ਼ਹੀਦ ਬਾਬਾ ਸੁਧਾ ਸਿੰਘ ਸਪੋਰਟਸ ਕਲੱਬ ਕੁਠਾਲਾ ਵਲੋਂ ਕਰਵਾਏ ਗਏ ਟੂਰਨਾਮੈਂਟ ਵਿਚ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਵੇਲੇ ਉਨ੍ਹਾਂ ਨਾਲ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ, ਸ. ਜਸਵੰਤ ਸਿੰਘ ਮਿੱਠੇਵਾਲ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਮੁਹੰਮਦ ਅਮਜਦ ਅਲੀ, ਲਵਲੀ ਨੰਬਰਦਾਰ, ਸ. ਮਨਿੰਦਰ ਸਿੰਘ ਨੰਬਰਦਾਰ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਸ. ਕੁਲਦੀਪ ਸਿੰਘ ਨੰਬਰਦਾਰ ਅਤੇ ਹੋਰ ਕਈ ਅਕਾਲੀ ਨੇਤਾ ਵੀ ਮੌਜੂਦ ਸਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜੁਆਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਖੇਡਾਂ ਵੱਲ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਨੇ ਹਮੇਸ਼ਾ ਖੇਡਾਂ ਨੂੰ ਉਤਸ਼ਾਹਤ ਕੀਤਾ ਹੈ ਅਤੇ ਭਵਿੱਖ ਵਿਚ ਵੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਖਿਡਾਰੀਆਂ ਦਾ ਖਿ਼ਆਲ ਰੱਖਿਆ ਜਾਵੇਗਾ ਅਤੇ ਖੇਡਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਇਕ ਸਾਜ਼ਿਸ਼ ਤਹਿਤ ਕਿਸਾਨਾਂ ਦੀ 65 ਹਜ਼ਾਰ ਤੋਂ ਜ਼ਿਆਦਾ ਕਿੱਲੇ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਹੈ ਪਰ ਅਕਾਲੀ ਦਲ ਕਦੇ ਵੀ ਸਰਕਾਰ ਦੀ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ 22 ਜੁਲਾਈ ਨੂੰ ਲੁਧਿਆਣਾ ਵਿਖੇ ਅਕਾਲੀ ਦਲ ਵਲੋਂ ਜ਼ਮੀਨਾਂ ਬਚਾਉਣ ਲਈ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਤਰਨਤਾਰਨ ਵਿਖੇ ਅਕਾਲੀ ਦਲ ਦੀ ਰੈਲੀ ਵਿਚ ਪੁੱਜੇ ਲੋਕਾਂ ਨੇ ਸਪੱਸ਼ਟ ਕਰ ਦਿਤਾ ਕਿ ਮਾਝਾ ਫ਼ੈਸਲਾ ਕਰ ਚੁੱਕਾ ਹੈ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ। ਇਹ ਪੁੱਛੇ ਜਾਣ ਤੇ ਕਿ ਪੰਜਾਬ ਵਕਫ਼ ਬੋਰਡ ਨੇ 48 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਹਸਪਤਾਲ ਲਈ ਜ਼ਮੀਨ ਖ਼ਰੀਦਣ ਲਈ ਦਿਤੇ ਹਨ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਤਾਂ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪੰਜਾਬ ਵਕਫ਼ ਬੋਰਡ ਨੇ 48 ਕਰੋੜ ਰੁਪਏ ਬਰਬਾਦ ਕੀਤੇ ਹਨ। ਮੈਡੀਕਲ ਕਾਲਜ ਖੋਲ੍ਹਣ ਦਾ ਕੰਮ ਸਰਕਾਰ ਦਾ ਹੈ, ਇਸ ਲਈ ਪੈਸੇ ਵੀ ਸਰਕਾਰ ਹੀ ਖ਼ਰਚ ਕਰੇ। ਬੋਰਡ ਉਤੇ ਕਾਬਜ਼ ਲੋਕ ਵਕਫ਼ ਬੋਰਡ ਦੇ ਐਕਤ ਤੋਂ ਚੰਗੀ ਤਰ੍ਹਾਂ ਵਾਕਿਫ਼ ਨਹੀਂ ਹਨ, ਇਸੇ ਲਈ ਉਨ੍ਹਾਂ ਨੇ 48 ਕਰੋੜ ਰੁਪਏ ਅਜਿਹੀ ਥਾਂ ਖ਼ਰਚ ਕਰ ਦਿਤੇ ਹਨ ਜਿਸ ਦੀ ਐਕਟ ਵਿਚ ਵਿਵਸਥਾ ਨਹੀਂ।\