ਵਿਦੇਸ਼ਾਂ ‘ਚ ਪੰਜਾਬੀਆਂ ਦੀ ਗੈਂਗ ਤੇ ਪੁਲਿਸ ਦਾ ਸ਼ਿਕੰਜਾ, 8 ਗ੍ਰਿਫਤਾਰ

0
k6255jg_deportation-reuters_625x300_04_April_25

ਅਮਰੀਕਾ 19 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਭਾਰਤੀ ਮੂਲ ਦੇ 8 ਨੌਜਵਾਨਾਂ ਨੂੰ ਅੱਜ ਤੋਂ ਇਕ ਹਫ਼ਤਾ ਪਹਿਲਾਂ 11 ਜੁਲਾਈ ਨੂੰ ਕੈਲੀਫੌਰਨੀਆ ਦੇ ਸੈਨ ਜੋਅਕੁਇਨ ਕਾਊਂਟੀ ‘ਚ ਅਗਵਾ ਕਰਨ ਤੇ ਤਸ਼ੱਦਦ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ‘ਚ ਭਾਰਤ ਦਾ ਮੋਸਟ ਵਾਂਟੇਡ ਭਗੌੜਾ ਵੀ ਸ਼ਾਮਲ ਹੈ। ਅੱਜ ਉਸ ਮਾਮਲੇ ਦੀ ਜਾਣਕਾਰੀ ਦੇਣ ਲਈ ਕਾਊਂਟੀ ਦੇ ਸ਼ੈਰਿਫ਼ ਪੈਟ ਵਿਦ੍ਰੋ ਨੇ ਇਕ ਪ੍ਰੈੱਸ ਕਾਨਫਰੰਸ ਰੱਖੀ, ਜਿਸ ‘ਚ ਉਕਤ ਮੁਲਜ਼ਮਾਂ ਦੀ ਜਾਣਕਾਰੀ ਦਿੱਤੀ ਗਈ।

ਸ਼ੈਰਿਫ਼ ਨੇ ਦੱਸਿਆ ਕਿ ਉਕਤ ਕਾਰਵਾਈ 19 ਜੂਨ ਨੂੰ ਮੰਟੇਕਾ ‘ਚ ਹੋਈ ਇਕ ਸਨਸਨੀਖੇਜ਼ ਵਾਰਦਾਤ ਮਗਰੋਂ ਕੀਤੀ ਗਈ ਹੈ, ਜਿੱਥੇ ਇਕ ਵਿਅਕਤੀ ਨੂੰ ਅਗਵਾ ਕੀਤਾ ਗਿਆ ਸੀ। ਉਕਤ ਵਿਅਕਤੀ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨਾਂ ਦੀ ਇਕ ਗੈਂਗ ਨੇ ਉਸ ਨੂੰ ਅਗਵਾ ਕੀਤਾ, ਉਸ ਦੇ ਕੱਪੜੇ ਉਤਾਰੇ ਤੇ ਕਈ ਘੰਟਿਆਂ ਤੱਕ ਉਸ ਨੂੰ ਬੰਨ੍ਹ ਕੇ ਉਸ ‘ਤੇ ਤਸ਼ੱਦਦ ਕੀਤਾ।

ਇਸ ਮਗਰੋਂ ਸੈਨ ਜੋਅਕੁਇਨ ਕਾਊਂਟੀ ਪੁਲਸ ਨੇ 11 ਜੁਲਾਈ ਨੂੰ ਕਈ ਹੋਰ ਏਜੰਸੀਆਂ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸਰਚ ਆਪਰੇਸ਼ਨ ਚਲਾਇਆ ਤੇ ਕੁੱਲ 8 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪਵਿੱਤਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਤਾਜ ਸਿੰਘ, ਸਰਬਜੀਤ ਸਿੰਘ, ਮਨਪ੍ਰੀਤ ਰੰਧਾਵਾ ਤੇ ਵਿਸ਼ਾਲ ਵਜੋਂ ਹੋਈ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਗਵਾ, ਤਸ਼ੱਦਦ, ਬੰਦੀ ਬਣਾਉਣਾ, ਧਮਕੀਆਂ ਦੇਣ ਵਰਗੇ ਹੋਰ ਕਈ ਗੰਭੀਰ ਅਪਰਾਧਾਂ ਤਹਿਤ ਸੈਨ ਜੋਅਕੁਇਨ ਕਾਊਂਟੀ ਜੇਲ੍ਹ ਭੇਜ ਦਿੱਤਾ ਗਿਆ ਹੈ।

ਸ਼ੈਰਿਫ਼ ਨੇ ਅੱਗੇ ਦੱਸਿਆ ਕਿ ਅਧਿਕਾਰੀਆਂ ਨੂੰ ਮੌਕੇ ਤੋਂ ਕਈ ਹਥਿਆਰ ਵੀ ਬਰਾਮਦ ਹੋਏ ਹਨ, ਜਿਨ੍ਹਾਂ ‘ਚ ਗਲੌਕ, 1 ਰਾਈਫਲ, ਸੈਂਕੜੇ ਜ਼ਿੰਦਾ ਕਾਰਤੂਸ, ਕਈ ਮੈਗਜ਼ੀਨ ਸ਼ਾਮਲ ਹਨ। ਇਸ ਦੇ ਨਾਲ ਹੀ ਉੱਥੋਂ 15 ਹਜ਼ਾਰ ਡਾਲਰ ਨਕਦੀ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਵਿੱਤਰਪ੍ਰੀਤ ਸਿੰਘ ਇਸ ਗੈਂਗ ਪਵਿੱਤਰ ਮਾਜਾ ਗਰੁੱਪ ਦਾ ਲੀਡਰ ਹੈ, ਜਿਸ ਦੇ ਤਾਰ ਕਈ ਹੋਰ ਦੇਸ਼ਾਂ ਨਾਲ ਵੀ ਜੁੜੇ ਹੋਏ ਹਨ ਤੇ ਜਿਨ੍ਹਾਂ ਨੂੰ ਖੰਗਾਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਮਾਮਲੇ ਬਾਰੇ ਐੱਫ਼.ਬੀ.ਆਈ. ਅਧਿਕਾਰੀ ਸਿਡ ਪਟੇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਵਿੱਤਰਪ੍ਰੀਤ ਸਿੰਘ ਭਾਰਤ ‘ਚ ਵੀ ਕਈ ਕਤਲ, ਕੁੱਟਮਾਰ ਤੇ ਹਥਿਆਰਾਂ ਦੇ ਮਾਮਲੇ ‘ਚ ਲੋੜੀਂਦਾ ਹੈ। ਇਹ ਵੀ ਦੱਸਿਆ ਗਿਆ ਕਿ ਪਵਿੱਤਰਪ੍ਰੀਤ ਸਿੰਘ ਦੇ ਸਬੰਧ ਅਮਰੀਕਾ ‘ਚ ਵੀ ਕਈ ਥਾਈਂ ਫੈਲੇ ਹੋਏ ਹਨ ਤੇ ਉਸ ਦੇ ਕਈ ਸਾਥੀਆਂ ਨੂੰ ਪਿਛਲੇ ਕੁਝ ਸਮੇਂ ਦੌਰਾਨ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ‘ਚ ਗੁਰਦੇਵ ਸਿੰਘ ਉਰਫ਼ ਜਸਲ ਦਾ ਨਾਂ ਸ਼ਾਮਲ ਹੈ, ਜੋ ਕਿ ਪੰਜਾਬ ‘ਚ ਪੁਲਸ ਸਟੇਸ਼ਨਾਂ ‘ਤੇ ਹੋਏ ਗ੍ਰਨੇਡ ਹਮਲਿਆਂ ‘ਚ ਸ਼ਾਮਲ ਦੱਸਿਆ ਜਾਂਦਾ ਹੈ।

ਇਸ ਮਾਮਲੇ ‘ਚ ਹੋਰ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ‘ਚ ਮਨਪ੍ਰੀਤ ਸਿੰਘ ਰੰਧਾਵਾ, ਸਰਬਜੀਤ ਸਿੰਘ, ਗੁਰਤਾਜ ਸਿੰਘ, ਅੰਮ੍ਰਿਤਪਾਲ ਸਿੰਘ, ਪਵਿੱਤਰਪ੍ਰੀਤ ਸਿੰਘ ਤੇ ਵਿਸ਼ਾਲ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਬਾਕੀਆਂ ‘ਤੇ ਗ਼ੈਰ-ਕਾਨੂੰਨੀ ਹਥਿਆਰਾਂ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *