ਰਾਹੁਲ ਗਾਂਧੀ ਨੇ ਅਦਾਲਤ ’ਚ ਕੀਤਾ ਆਤਮ ਸਮਰਪਣ, 5 ਮਿੰਟ ਬਾਅਦ ਮਿਲੀ ਜ਼ਮਾਨਤ

0
Screenshot 2025-07-15 184518

ਲਖਨਊ, 15 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਮੰਗਲਵਾਰ ਦੀ ਦੁਪਹਿਰ ਲਖਨਊ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ। ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ 5 ਮਿੰਟ ਬਾਅਦ ਜ਼ਮਾਨਤ ਦੇ ਦਿਤੀ। ਅਦਾਲਤ ਨੇ ਉਨ੍ਹਾਂ ਨੂੰ ਭਾਰਤੀ ਫ਼ੌਜ ’ਤੇ ਆਪਣੀ ਟਿੱਪਣੀ ਲਈ ਪੇਸ਼ ਹੋਣ ਦਾ ਹੁਕਮ ਦਿਤਾ ਸੀ। ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਆਲੋਕ ਵਰਮਾ ਨੇ ਰਾਹੁਲ ਨੂੰ 20,000 ਰੁਪਏ ਦੇ ਦੋ ਬਾਂਡਾਂ ’ਤੇ ਜ਼ਮਾਨਤ ਦੇ ਦਿਤੀ। ਰਾਹੁਲ ਦੇ ਵਕੀਲ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਰਾਹੁਲ ਲਗਭਗ 30 ਮਿੰਟਾਂ ਤਕ ਅਦਾਲਤ ਦੇ ਅੰਦਰ ਰਹੇ।

ਰਾਹੁਲ ਦਿੱਲੀ ਤੋਂ ਲਖਨਊ ਹਵਾਈ ਅੱਡੇ ’ਤੇ ਆਉਣ ਤੋਂ ਬਾਅਦ ਸਿੱਧੇ ਐਮ.ਪੀ.-ਐਮ.ਐਲ.ਏ. ਅਦਾਲਤ ਪਹੁੰਚੇ। ਪਿਛਲੀਆਂ 5 ਸੁਣਵਾਈਆਂ ਦੌਰਾਨ ਰਾਹੁਲ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਸਨ। ਜ਼ਮਾਨਤ ਮਿਲਣ ਤੋਂ ਬਾਅਦ ਰਾਹੁਲ ਅਦਾਲਤ ਤੋਂ ਸਿੱਧੇ ਅਮੌਸੀ ਹਵਾਈ ਅੱਡੇ ਲਈ ਰਵਾਨਾ ਹੋ ਗਏ।

ਰਾਹੁਲ ਦੇ ਵਕੀਲ ਪ੍ਰਾਂਸ਼ੂ ਅਗਰਵਾਲ ਨੇ ਅਦਾਲਤ ਤੋਂ ਰਾਹੁਲ ਦੀ ਪੇਸ਼ੀ ਤੋਂ ਛੋਟ ਮੰਗੀ ਸੀ ਪਰ ਅਦਾਲਤ ਨੇ ਰਾਹੁਲ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿਤਾ ਸੀ।

ਦੱਸਣਯੋਗ ਹੈ ਕਿ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਦੇ ਸਾਬਕਾ ਡਾਇਰੈਕਟਰ ਉਦੈ ਸ਼ੰਕਰ ਸ਼੍ਰੀਵਾਸਤਵ ਨੇ 11 ਫਰਵਰੀ ਨੂੰ ਸੀ.ਜੇ.ਐਮ. ਅਦਾਲਤ ਵਿਚ ਰਾਹੁਲ ਵਿਰੁਧ ਕੇਸ ਦਾਇਰ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ ਰਾਹੁਲ ਨੇ 16 ਦਸੰਬਰ 2022 ਨੂੰ ਭਾਰਤ ਜੋੜੋ ਯਾਤਰਾ ਦੌਰਾਨ ਭਾਰਤੀ ਫ਼ੌਜ ’ਤੇ ਟਿੱਪਣੀ ਕੀਤੀ ਸੀ। ਉਨ੍ਹਾਂ 9 ਦਸੰਬਰ 2022 ਨੂੰ ਭਾਰਤ-ਚੀਨ ਸਰਹੱਦ ’ਤੇ ਹੋਈ ਝੜਪ ਦਾ ਜ਼ਿਕਰ ਕੀਤਾ ਸੀ। ਰਾਹੁਲ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਚੀਨੀ ਫ਼ੌਜੀ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਕੁੱਟ ਰਹੇ ਸਨ।

ਸਾਬਕਾ ਡਾਇਰੈਕਟਰ ਨੇ ਦਾਅਵਾ ਕੀਤਾ ਸੀ ਕਿ ਰਾਹੁਲ ਦਾ ਬਿਆਨ ਤੱਥਾਂ ਦੇ ਉਲਟ ਅਤੇ ਗੁੰਮਰਾਹਕੁੰਨ ਸੀ। ਇਸ ਨਾਲ ਨਾ ਸਿਰਫ਼ ਭਾਰਤੀ ਫ਼ੌਜੀਆਂ ਦਾ ਮਨੋਬਲ ਪ੍ਰਭਾਵਿਤ ਹੋਇਆ, ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ।

Leave a Reply

Your email address will not be published. Required fields are marked *