ਕਰਨਾਲ ਦੀ ਨਾਇਸਿੰਗ ਦੀ ਨਵੀਂ ਅਨਾਜ ਮੰਡੀ ਬਣੀ ਨਸ਼ੇੜੀਆਂ ਦਾ ਅੱਡਾ, ਪ੍ਰਸ਼ਾਸਨ ਸੁੱਤਾ


ਨਿਸਿੰਗ, (ਕਰਨਾਲ) 15 ਜੁਲਾਈ (ਜੋਗਿੰਦਰ ਸਿੰਘ) : ਖੇਤਰ ਦੇ ਕਿਸਾਨਾਂ ਲਈ ਅਨਾਜ ਮੰਡੀ ਅਤੇ ਸਬਜ਼ੀ ਮੰਡੀ ਦੂਜਾ ਬਿਹਤਰ ਵਿਕਲਪ ਹੈ, ਹਾਲਾਂਕਿ ਇਸ ਮੰਡੀ ਵਿਚ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ। ਸ਼ਹਿਰ ਵਿਚ ਨਸ਼ੇੜੀਆਂ ਨੇ ਹੁਣ ਆਪਣੀ ਲਤ ਪੂਰੀ ਕਰਨ ਲਈ ਇਹ ਮੰਡੀ ਇਕ ਨਵੀਂ ਜਗ੍ਹਾ ਵਜੋਂ ਲੱਭ ਲਈ ਹੈ। ਨਸ਼ੇੜੀ ਨੌਜਵਾਨ ਹੁਣ ਸ਼ਹਿਰ ਤੋਂ ਬਾਹਰ ਸਥਿਤ ਨਵੀਂ ਅਨਾਜ ਮੰਡੀ ਵਿਚ ਸਥਿਤ ਸਬਜ਼ੀ ਮੰਡੀ ਵਿਚ ਨਸ਼ੇ ਦਾ ਸੇਵਨ ਕਰਨ ਲਈ ਜਾਂਦੇ ਹਨ। ਇਹ ਨਸ਼ੇੜੀ ਨੌਜਵਾਨ ਮੰਡੀ ਚ ਨਸ਼ੀਲੀਆਂ ਸ਼ੀਸ਼ੀਆਂ, ਕੈਪਸੂਲ ਅਤੇ ਗੋਲੀਆਂ ਲੈ ਕੇ ਆਉਂਦੇ ਹਨ ਤੇ ਉੱਥੇ ਲੱਗੇ ਵਾਟਰ ਕੂਲਰ ਤੋਂ ਪਾਣੀ ਲੈ ਕੇ ਨਸ਼ਾ ਕਰਦੇ ਹਨ। ਇਸ ਦੇ ਨਾਲ ਹੀ ਇਹ ਨਸ਼ੇੜੀ ਇੱਥੇ ਬੈਠ ਕੇ ਸ਼ਰਾਬ ਵੀ ਪੀਂਦੇ ਹਨ। ਇਹ ਮੰਡੀ ਹੁਣ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ। ਸ਼ਹਿਰ ਤੋਂ ਬਾਹਰ ਹੋਣ ਕਰਕੇ ਸ਼ਰਾਰਤੀ ਅਨਸਰ ਮੰਡੀ ਵਿਚ ਵੱਡੇ ਪੱਧਰ ‘ਤੇ ਨਸ਼ੇ ਦੀ ਸਪਲਾਈ ਕਰ ਰਹੇ ਹਨ। ਇਸਦਾ ਜਿਉਂਦਾ ਜਾਗਦਾ ਸਬੂਤ ਉੱਥੇ ਪਈਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਹੋਰ ਸਮੱਗਰੀ ਹੈ।

ਸ਼ਹਿਰ ਤੋਂ ਬਾਹਰ ਹੋਣ ਕਰਕੇ ਨਸ਼ੇੜੀ ਨਸ਼ੇ ਕਰਨ ਲਈ ਮੰਡੀ ਦੀ ਵਰਤੋਂ ਕਰ ਰਹੇ ਹਨ। ਕਿਉਂਕਿ ਸਬਜ਼ੀ ਮੰਡੀ ਵਿਚ ਉਨ੍ਹਾਂ ਨੂੰ ਰੋਕਣ ਲਈ ਇੱਥੇ ਕੋਈ ਨਹੀਂ ਆਉਂਦਾ। ਅਨਾਜ ਮੰਡੀ ਨਾਇਸਿੰਗ ਇਨ੍ਹੀਂ ਦਿਨੀਂ ਨਸ਼ੇੜੀਆਂ ਲਈ ਸੁਰੱਖਿਅਤ ਪਨਾਹਗਾਹ ਬਣ ਰਹੀ ਹੈ। ਮੰਡੀ ਵਿਚ ਦੁਕਾਨਾਂ ਦੇ ਪਿੱਛੇ ਝਾੜੀਆਂ ਵਾਂਗ ਉੱਗ ਰਹੇ ਵੱਡੇ-ਵੱਡੇ ਭੰਗ ਦੇ ਪੌਦੇ ਹੁਣ ਨਸ਼ਿਆਂ ਦੀਆਂ ਮੁਫ਼ਤ ਖੁਰਾਕਾਂ ਦਾ ਸਰੋਤ ਬਣ ਗਏ ਹਨ। ਇਸ ਨਾਲ ਜਿੱਥੇ ਇਸ ਮੰਡੀ ਦਾ ਅਕਸ ਖਰਾਬ ਹੋ ਰਿਹਾ ਹੈ, ਉੱਥੇ ਹੀ ਨੌਜਵਾਨਾਂ ਦਾ ਭਵਿੱਖ ਵੀ ਹਨੇਰੇ ਵਿਚ ਡੁੱਬਦਾ ਜਾਪਦਾ ਹੈ। ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਮਿਸ਼ਨ ਏਜੰਟਾਂ ਨੇ ਕਿਹਾ ਕਿ ਦੁਕਾਨਾਂ ਦੇ ਪਿੱਛੇ ਵਾਲੀ ਸੜਕ ਇਕ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿੱਥੇ ਬਰਸਾਤ ਦੇ ਮੌਸਮ ਵਿਚ ਭੰਗ ਵਰਗੇ ਪੌਦੇ ਆਪਣੇ ਆਪ ਉੱਗਦੇ ਹਨ। ਇਹ ਪੌਦੇ ਹੁਣ ਨਸ਼ਿਆਂ ਦੇ ਆਦੀ ਨੌਜਵਾਨਾਂ ਲਈ ਮੁਫ਼ਤ ਦਾ ਸਮਾਨ ਬਣ ਗਏ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਨਤੀਜੇ ਵਜੋਂ ਨਸ਼ੇੜੀ ਇਨ੍ਹਾਂ ਪੌਦਿਆਂ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਹਨ ਅਤੇ ਉੱਥੋਂ ਆਪਣੀ ਖੁਰਾਕ ਤਿਆਰ ਕਰਦੇ ਹਨ।
