ਪੰਜਾਬ ਵਿਧਾਨ ਸਭਾ ਵਲੋਂ ਸਿੱਖ ਦੌੜਾਕ ਫ਼ੌਜਾ ਸਿੰਘ ਨੂੰ ਸ਼ਰਧਾਂਜਲੀਆਂ ਭੇਟ

0
Screenshot-2025-07-14-221458-1536x763


ਚੰਡੀਗੜ੍ਹ, 15 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਵਲੋਂ ਪੇਸ਼ ਕੀਤੇ ਪ੍ਰਸਤਾਵ ‘ਤੇ ਪੰਜਾਬ ਵਿਧਾਨ ਸਭਾ ਨੇ ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਦੀ ਮੌਤ ਉਤੇ ਡੂੰਘਾ ਅਫ਼ਸੋਸ ਜ਼ਾਹਿਰ ਕਰਦਿਆਂ ਸਰਧਾਂਜਲੀ ਭੇਂਟ ਕੀਤੀ।

ਡਾ. ਰਵਜੋਤ ਸਿੰਘ ਨੇ ਇਕ ਸੜਕ ਦੁਰਘਟਨਾ ‘ਚ 114 ਸਾਲਾ ਫੌਜਾ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਹ ਮੈਰਾਥਨ ਦੌੜਾਂ ਕਾਰਨ ਦੁਨੀਆ ਭਰ ‘ਚ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਸਨ।

ਮੰਤਰੀ ਨੇ ਕਿਹਾ ਕਿ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਚੇਤਿਆਂ ‘ਚ ਵਸੇ ਰਹਿਣਗੇ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਵਿਛੜੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ।

ਦੱਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਮੈਰਾਥਨ ਦੌੜਾਕ ਮੰਨੇ ਜਾਂਦੇ ਫ਼ੌਜਾ ਸਿੰਘ ਬੀਤੇ ਕੱਲ੍ਹ ਜਦੋਂ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ, ਜਿਸ ਤੋਂ ਬਾਅਦ ਉਹ ਸੜਕ ‘ਤੇ ਡਿੱਗ ਪਏ ਅਤੇ ਉਨ੍ਹਾਂ ਨੂੰ ਜਲੰਧਰ ਦੇ ਇਕ ਨਿਜੀ ਹਸਪਤਾਲ ‘ਚ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ ਸੀ।

ਫੌਜਾ ਸਿੰਘ ਜਲੰਧਰ ਦੇ ਬਿਆਸ ਪਿੰਡ ਦੇ ਵਸਨੀਕ ਸਨ। ਉਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ’ਚ 1 ਅਪ੍ਰੈਲ 1911 ਨੂੰ ਹੋਇਆ ਸੀ। ਉਨ੍ਹਾਂ ਦੀਆਂ ਲੱਤਾਂ ਬਹੁਤ ਪਤਲੀਆਂ ਅਤੇ ਕਮਜ਼ੋਰ ਹੋਣ ਕਰਕੇ ਉਹ 5 ਸਾਲ ਤਕ ਤੁਰਨ ਤੋਂ ਅਸਮਰੱਥ ਸਨ ਅਤੇ ਥੋੜ੍ਹਾ ਤੁਰ ਕੇ ਥੱਕ ਜਾਂਦੇ ਸਨ।

ਜ਼ਿਕਰਯੋਗ ਹੈ ਕਿ ਫੌਜਾ ਸਿੰਘ ਨੇ ਦੌੜ ਵਿਚ ਕਈ ਵਿਸ਼ਵ ਰਿਕਾਰਡ ਬਣਾਏ ਸਨ। ਫੌਜਾ ਸਿੰਘ ਨੇ 2000 ਵਿਚ ਮੈਰਾਥਨ ਰੇਸ ਦਾ ਸਫ਼ਰ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਹ 8 ਰੇਸ ਵਿਚ ਸ਼ਾਮਲ ਹੋਏ ਸੀ। 2011 ਵਿਚ ਟੋਰਾਂਟੋ ਮੈਰਾਥਨ ਵਿਚ ਭਾਗ ਲੈ ਕੇ ਉਹਨਾਂ ਨੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਦਾ ਨਾਮ ਹਾਸਲ ਕੀਤਾ ਪਰ ਉਹਨਾਂ ਦਾ ਨਾਮ ਗਿਨੀਜ਼ ਬੁੱਕ ਵਿਚ ਸ਼ਾਮਲ ਨਹੀਂ ਹੋ ਸਕਿਆ, ਕਿਉਂਕਿ ਉਹਨਾਂ ਕੋਲ ਆਪਣਾ ਜਨਮ ਸਰਟੀਫਿਕੇਟ ਨਹੀਂ ਸੀ।

2012 ਵਿਚ ਉਹਨਾਂ ਨੇ ਲੰਡਨ ਮੈਰਾਥਨ ਵਿਚ ਵੀ ਦੌੜ ਲਗਾਈ ਅਤੇ 20 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਅਤੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿਤਾ। 2013 ਵਿਚ ਫੌਜਾ ਸਿੰਘ ਨੇ ਆਖਰੀ ਵਾਰ ਹਾਂਗ ਕਾਂਗ ਮੈਰਾਥਨ ਵਿਚ ਪੇਸ਼ੇਵਰ ਤੌਰ ‘ਤੇ ਭਾਗ ਲਿਆ, ਜਦੋਂ ਉਹ 101 ਸਾਲਾਂ ਦੇ ਸਨ। ਜਦੋਂ ਫੌਜਾ ਸਿੰਘ 89 ਸਾਲਾਂ ਦੇ ਸਨ ਤਾਂ ਉਹਨਾਂ ਦੀ ਪਤਨੀ ਅਤੇ ਬੱਚੇ ਦੀ ਇਕ ਹਾਦਸੇ ਵਿਚ ਮੌਤ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਅਤੇ ਉਹ ਤਣਾਅ ਵਿਚ ਰਹਿਣ ਲੱਗ ਪਏ। ਉਦੋਂ ਤੋਂ ਹੀ ਉਹਨਾਂ ਨੇ ਮੈਰਾਥਨ ਦੌੜਨ ਦਾ ਫੈਸਲਾ ਕੀਤਾ।

Leave a Reply

Your email address will not be published. Required fields are marked *