ਹੱਜ-2026 ਲਈ ਅਰਜ਼ੀਆਂ ਇਕੱਠੀਆਂ ਕਰਨ ਦੀ ਜ਼ਿੰਮੇਵਾਰੀ ਖੇਤਰੀ ਪੱਧਰ ‘ਤੇ ਸੌਂਪੀ


(ਮੁਨਸ਼ੀ ਫਾਰੂਕ)
ਮਲੇਰਕੋਟਲਾ, 14 ਜੁਲਾਈ : ਅੱਜ ਹੱਜ ਕਮੇਟੀ ਪੰਜ਼ਾਬ ਵਲੋਂ ਇਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹੱਜ 2026 ਦੀਆਂ ਤਿਆਰੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਨੇ ਕੀਤੀ। ਮੀਟਿੰਗ ਵਿਚ ਯਾਸਿਰ ਰਸ਼ੀਦ, ਐਡਵੋਕੇਟ ਇਕਬਾਲ ਅਹਿਮਦ, ਮੁਹੰਮਦ ਯੂਸੁਫ਼ (ਅੰਮ੍ਰਿਤਸਰ) ਅਤੇ ਸ਼ਿੰਗਾਰਾ ਖ਼ਾਨ (ਮਾਨਸਾ) ਸ਼ਾਮਲ ਹੋਏ। ਕਮੇਟੀ ਜੋ ਕਿ ਹੱਜ ਯਾਤਰੀਆਂ ਦੀ ਮਦਦ, ਦਸਤਾਵੇਜ਼ੀ ਕਾਰਵਾਈ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ, ਵਲੋਂ ਅਲੱਗ-ਅਲੱਗ ਖੇਤਰਾਂ ਵਿਚ ਜ਼ਿੰਮੇਵਾਰੀਆਂ ਸੌਂਪਣ ਦੀ ਸ਼ੁਰੂਆਤ ਕਰ ਦਿਤੀ ਹੈ ਤਾਕਿ ਪ੍ਰਕਿਰਿਆ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਮਲੇਰਕੋਟਲਾ ‘ਚ ਹੱਜ ਫ਼ਾਰਮ ਭਰਨ ਅਤੇ ਸਬੰਧਤ ਕਾਰਜਾਂ ਦੀ ਜ਼ਿੰਮੇਵਾਰੀ ਮਾਸਟਰ ਅਜ਼ੀਜ਼ ਨੂੰ ਦਿਤੀ ਗਈ ਹੈ ਜੋ ਜਮਾਤ-ਇ-ਇਸਲਾਮੀ ਹਿੰਦ ਦੇ ਸਹਿਯੋਗ ਨਾਲ ਕੰਮ ਕਰਨਗੇ। ਜਲੰਧਰ, ਪਠਾਨਕੋਟ ਅਤੇ ਅੰਮ੍ਰਿਤਸਰ ਦੀ ਜ਼ਿੰਮੇਵਾਰੀ ਮੁਹੰਮਦ ਯੂਸੁਫ਼ ਨੂੰ ਦਿਤੀ ਗਈ ਹੈ। ਕਮੇਟੀ ਨੇ ਵਾਅਦਾ ਕੀਤਾ ਕਿ ਸਾਰੀਆਂ ਸੇਵਾਵਾਂ ਪਾਰਦਰਸ਼ੀ ਅਤੇ ਸੰਗਠਤ ਤਰੀਕੇ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਅਰਜ਼ੀਆਂ ਸਬੰਧੀ ਹੋਰ ਹਦਾਇਤਾਂ ਜਲਦੀ ਜਾਰੀ ਕੀਤੀਆਂ ਜਾਣਗੀਆਂ।
