ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਘੇਰਿਆ ਬਿਜਲੀ ਦਫ਼ਤਰ


ਕਿਹਾ, ਸਮਾਰਟ ਚਿੱਪ ਵਾਲੇ ਬਿਜਲੀ ਮੀਟਰ ਨਹੀਂ ਲੱਗਣ ਦਿਆਂਗੇ
(ਸੁਖਚੈਨ ਸਿੰਘ)
ਫ਼ਿਰੋਜ਼ਪੁਰ, 14 ਜੁਲਾਈ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਬਿਜਲੀ ਦਾ ਨਿੱਜੀਕਰਨ ਰੋਕਣ ਅਤੇ ਸਮਾਰਟ ਚਿਪ ਵਾਲੇ ਮੀਟਰਾਂ ਨੂੰ ਨਾ ਲੱਗਣ ਦੇਣ ਦੇ ਉਦੇਸ਼ ਨਾਲ ਕੀਤੇ ਐਲਾਨ ਮੁਤਾਬਕ ਫ਼ਿਰੋਜ਼ਪੁਰ ਦੇ ਐਸ.ਸੀ. ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿਤਾ ਗਿਆ। ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਧਰਮ ਸਿੰਘ ਸਿੱਧੂ ਅਤੇ ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਾਨਸੂਨ ਸੈਸ਼ਨ ਦੌਰਾਨ ਬਿਜਲੀ ਸੋਧ ਬਿਲ-2025 ਲਿਆਉਣ ਦੀ ਤਿਆਰੀ ਹੈ, ਖਪਤਕਾਰਾਂ ਪੱਖੀ 1948 ਐਕਟ ਤਹਿਤ ਬਿਜਲੀ ਵਿਚੋਂ 3 ਫ਼ੀ ਸਦੀ ਮੁਨਾਫ਼ਾ ਕਮਾਉਣ ਤੇ ਨੌਜਵਾਨਾਂ ਨੂੰ ਵੱਧ ਨੌਕਰੀਆਂ ਦੇਣ ਤਹਿਤ ਬਿਜਲੀ ਬੋਰਡ ਵਿਚ 1 ਲੱਖ 35-40 ਦੇ ਕਰੀਬ ਮੁਲਾਜ਼ਮ ਸਨ, ਇਸ ਐਕਟ ਨੂੰ ਬਦਲ ਕੇ ਕਾਰਪੋਰੇਟ ਘਰਾਣਿਆਂ ਪੱਖੀ 2003 ਲਿਆਂਦਾ ਗਿਆ ਜਿਸ ਵਿਚ ਨਿੱਜੀ ਕੰਪਨੀਆਂ ਨੂੰ 16 ਫ਼ੀ ਦਸੀ ਦੇ ਹਿਸਾਬ ਨਾਲ ਮੁਨਾਫ਼ੇ ਕਮਾਉਣ ਤੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਇਨ੍ਹਾਂ ਕਾਰਪੋਰੇਟਾਂ ਨੂੰ ਦੇ ਕੇ ਪਿੰਡਾਂ, ਸ਼ਹਿਰਾਂ ਵਿਚ ਚੱਲ ਰਹੇ ਪੁਰਾਣੇ ਮਕੈਨੀਕਲ ਮੀਟਰਾਂ ਦੀ ਥਾਂ ਸਮਾਰਟ ਚਿਪ ਵਾਲੇ ਪ੍ਰੀ-ਪੇਡ ਮੀਟਰ ਲਾਉਣ ਦੀ ਖੁੱਲ੍ਹ ਦੇ ਦਿਤੀ ਗਈ ਹੈ।

ਕਿਸਾਨ ਆਗੂਆਂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਨਰਿੰਦਰਪਾਲ ਸਿੰਘ ਜਤਾਲਾ ਅਤੇ ਰਣਜੀਤ ਸਿੰਘ ਖੱਚਰਵਾਲਾ ਨੇ ਕਿਹਾ ਕਿ 2025 ਬਿਜਲੀ ਸੋਧ ਨਾਲ ਬਿਜਲੀ ਵੇਚਣ ਤੇ ਬਿਜਲੀ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਇਹਨਾਂ ਕੰਪਨੀਆਂ ਕੋਲ ਜਾਣ ਨਾਲ ਬਿਜਲੀ ਆਮ ਖਪਤਕਾਰਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਤੇ ਨਾਲ ਹੀ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਸ ਤੇ ਬਿਜਲੀ ਅਦਾਰੇ ਬਣੇ ਹਨ, ਇਨ੍ਹਾਂ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਚਲੀ ਜਾਵੇਗੀ। ਕਿਸਾਨ ਆਗੂਆਂ ਮੰਗ ਕੀਤੀ ਕਿ ਖ਼ਤਮ ਕੀਤੀਆਂ ਅਸਾਮੀਆਂ ਨੂੰ ਮੁੜ ਬਹਾਲ ਕਰ ਕੇ ਬਿਜਲੀ ਬੋਰਡ ਵਿਚ ਨਵੀਆਂ ਭਰਤੀਆਂ ਕੀਤੀਆਂ ਜਾਣ ਤੇ ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿਚ ਬਹਾਲ ਕੀਤਾ ਜਾਵੇ, ਖ਼ਰਾਬ ਟਰਾਂਸਫ਼ਾਰਮਰ 24 ਘੰਟੇ ਵਿਚ ਬਦਲ ਕੇ ਦਿਤੇ ਜਾਣੇ ਯਕੀਨੀ ਬਣਾਏ ਜਾਣ, ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਖਖ਼ਤਮ ਕੀਤਾ ਜਾਵੇ ਤੇ ਭ੍ਰਿਸ਼ਟ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦਿਤੀ ਜਾਵੇ। ਨਵੇਂ ਮੋਟਰਾਂ ਦੇ ਕੁਨੈਕਸ਼ਨ ਦਿਤੇ ਜਾਣ ਤੇ ਵੀ.ਡੀ.ਐਸ. ਲੋਡ ਵਧਾਉਣ ਵਾਸਤੇ ਸਕੀਮ 1200 ਪ੍ਰਤੀ ਪਾਵਰ ਕਰਕੇ ਨਿਰੰਤਰ ਜਾਰੀ ਰਹੇ, ਜੁਰਮਾਨੇ ਪਾਉਣ ਦੀ ਵਿਧੀ ਸਰਲ ਕੀਤੀ ਜਾਵੇ ਤਾਕਿ ਲੋਕ ਮੌਕੇ ਤੇ ਭਰ ਸਕਣ। ਲੱਖਾਂ ਰੁਪਏ ਪਾਏ ਦੇ ਜੁਰਮਾਨੇ ਲੋਕਾਂ ਦੀ ਪਹੁੰਚ ਤੋਂ ਦੂਰ ਹਨ। ਇਸ ਮੌਕੇ ਸੁਰਜੀਤ ਸਿੰਘ ਫ਼ੌਜੀ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਮੱਖਣ ਸਿੰਘ ਵਾੜਾ, ਬੂਟਾ ਸਿੰਘ ਕਰੀਕਲਾਂ, ਗੁਰਬਖ਼ਸ਼ ਸਿੰਘ ਪੰਜਗਰਾਈਂ, ਮੰਗਲ ਸਿੰਘ ਸਵਾਈਕੇ, ਬਲਰਾਜ ਸਿੰਘ ਫੇਰੋਕੇ ਅਤੇ ਮੇਜਰ ਸਿੰਘ ਗਜਨੀਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
