ਸ਼੍ਰੋਮਣੀ ਕਮੇਟੀ ਕੰਨੜ ਭਾਸ਼ਾ ’ਚ ਸੰਗ੍ਰਿਹਤ ਕਰੇਗੀ ਨੌਵੇਂ ਪਾਤਸ਼ਾਹ ਬਾਰੇ ਕਿਤਾਬਚਾ : ਧਾਮੀ

0
asr 1


350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਬੈਂਗਲੌਰ ਵਿਖੇ ਗੁਰਮਤਿ ਸਮਾਗਮ

ਬੈਂਗਲੌਰ ਵਿਖੇ ਬੱਚਿਆਂ ਨੂੰ ਪੰਜਾਬੀ ਤੇ ਗੁਰਬਾਣੀ ਦੀ ਜਾਣਕਾਰੀ ਦੇਣ ਲਈ ਭੇਜੇ ਜਾਣਗੇ ਪ੍ਰਚਾਰਕ


ਅੰਮ੍ਰਿਤਸਰ, 13 ਜੁਲਾਈ (ਮੋਹਕਮ ਸਿੰਘ) : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ੁਰੂ ਕੀਤੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਲਸੂਰ ਬੈਂਗਲੌਰ ਵਿਖੇ ਵਿਸ਼ੇਸ਼ ਤੌਰ ‘ਤੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਥ ਪ੍ਰਸਿਧ ਰਾਗੀ ਜਥਿਆਂ, ਕਥਾਵਾਚਕਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ।

ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਇਸ ਲਈ ਵੱਡੇ ਮਹੱਤਵ ਵਾਲੀ ਹੈ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਖਾਸਕਰ ਕਿਸੇ ਦੂਸਰੇ ਧਰਮ ਲਈ ਆਪਾ ਕੁਰਬਾਨ ਕੀਤਾ। ਅਜਿਹੀ ਮਿਸਾਲ ਦੁਨੀਆ ਦੇ ਧਰਮ ਇਤਿਹਾਸ ਅੰਦਰ ਹੋਰ ਕਿਧਰੇ ਨਹੀਂ ਮਿਲਦੀ।


ਐਡਵੋਕੇਟ ਧਾਮੀ ਨੇ ਕਿਹਾ ਕਿ ਇਸ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਦੀ ਪਹਿਲ ਦੇਸ਼ ਦੁਨੀਆਂ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜੋੜਨਾ ਹੈ। ਇਸੇ ਦਿਸ਼ਾ ਵਿਚ ਕਰਨਾਟਕਾ ਦੀਆਂ ਸਿੱਖ ਸੰਗਤਾਂ ਲਈ ਨੌਵੇਂ ਪਾਤਸ਼ਾਹ ਜੀ ਬਾਰੇ ਕੰਨੜ ਭਾਸ਼ਾ ਵਿਚ ਕਿਤਾਬਚਾ ਸੰਗ੍ਰਹਿਤ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੂਬੇ ਅੰਦਰ ਸਿੱਖੀ ਪ੍ਰਚਾਰ ਅਤੇ ਵਿਸ਼ੇਸ਼ ਕਰਕੇ ਬੱਚਿਆਂ ਨੂੰ ਪੰਜਾਬੀ ਅਤੇ ਗੁਰਬਾਣੀ ਦੀ ਜਾਣਕਾਰੀ ਦੇਣ ਲਈ ਪ੍ਰਚਾਰਕ ਭੇਜਣ ਅਤੇ ਗੁਰੂ ਘਰ ਵਿਖੇ ਲਾਇਬ੍ਰੇਰੀ ਲਈ ਕਿਤਾਬਾਂ ਦੇਣ ਦਾ ਵੀ ਐਲਾਨ ਕੀਤਾ।


ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਸਿੱਖ ਆਗੂਆਂ ਤੇ ਸੰਗਤ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪੁਰਜ਼ੋਰ ਯਤਨ ਕੀਤੇ ਜਾਣ ਅਤੇ ਅਖਬਾਰਾਂ, ਈ-ਮੇਲਾਂ, ਅਤੇ ਹੋਰ ਮੀਡੀਆ ਸਾਧਨਾ ਰਾਹੀਂ ਸਰਕਾਰਾਂ ਤੱਕ ਗੱਲ ਰੱਖੀ ਜਾਵੇ ਕਿ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ।


ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤ ਨਾਲ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਉਨ੍ਹਾਂ ਕਰਨਾਟਕਾ ਅੰਦਰ ਸਮਾਗਮ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਅਜਿਹੇ ਸਮਾਗਮਾਂ ਦੀ ਲੜੀ ਪੂਰੇ ਦੇਸ਼ ਤਕ ਲੈ ਕੇ ਜਾਣ ਲਈ ਕਿਹਾ। ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਵੀ ਕਥਾ ਵਿਚਾਰਾਂ ਕੀਤੀਆਂ।


ਸਮਾਗਮ ਮੌਕੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਗਿਆਨੀ ਰਘਬੀਰ ਸਿੰਘ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।


ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਓਐਸਡੀ ਸ. ਸਤਬੀਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿਂਘ ਕਾਹਲਵਾਂ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਸਿੱਖ ਮਿਸ਼ਨ ਗੁਜਰਾਤ ਤੇ ਕਰਨਾਟਕਾ ਦੇ ਆਨਰੇਰੀ ਇੰਚਾਰਜ ਸ. ਰਾਮ ਸਿੰਘ ਰਾਠੌਰ ਮੁੰਬਈ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜਸਬੀਰ ਸਿੰਘ ਢੋਡੀ, ਮੀਤ ਪ੍ਰਧਾਨ ਸ. ਸਵਰਨਜੀਤ ਸਿੰਘ, ਜਨਰਲ ਸਕੱਤਰ ਸ. ਜਰਨੈਲ ਸਿੰਘ, ਜੁਆਇੰਟ ਸਕੱਤਰ ਸ. ਜੋਗਿੰਦਰ ਸਿੰਘ, ਸ. ਜਸਪਾਲ ਸਿੰਘ, ਖਜਾਨਚੀ ਸ. ਹਰਮੀਤ ਸਿੰਘ, ਮੈਂਬਰ ਬੀਬੀ ਹਰਪ੍ਰੀਤ ਕੌਰ, ਬੀਬੀ ਪਰਬੀਨ ਕੌਰ, ਸ. ਅਜੀਤ ਸਿੰਘ ਛਾਬੜਾ, ਸ. ਬਚਿੱਤਰ ਸਿੰਘ, ਸ. ਮਨਦੀਪ ਸਿੰਘ, ਸ. ਹਰਮਨ ਸਿੰਘ, ਸ. ਜਸਪਾਲ ਸਿੰਘ ਮਹਿਤਾ, ਸ. ਮਨਪ੍ਰੀਤ ਸਿੰਘ, ਮੈਨੇਜਰ ਸ. ਰਿਸ਼ੀਪਾਲ ਸਿੰਘ, ਸ. ਦੀਪਕ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *