ਯਮਨ ‘ਚ ਭਾਰਤੀ ਨਰਸ ਨੂੰ ਫਾਂਸੀ ਤੋਂ ਬਚਾਉਣ ਲਈ ਰਾਸ਼ਟਰਪਤੀ ਤੋਂ ਕੀਤੀ ਮੰਗ

0
Screenshot 2025-07-13 192846

ਬੁੰਦੀ (ਰਾਜਸਥਾਨ), 13 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਯਮਨ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੇ ਮਾਮਲੇ ਵਿਚ ਭਾਰਤ ਵਿਚ ਯਤਨ ਤੇਜ਼ ਹੋ ਗਏ ਹਨ। ਰਾਜਸਥਾਨ ਦੇ ਬੁੰਦੀ ਜ਼ਿਲ੍ਹੇ ਦੇ ਕਾਂਗਰਸੀ ਨੇਤਾ ਅਤੇ ਰਾਜਸਥਾਨ ਸੀਡ ਕਾਰਪੋਰੇਸ਼ਨ ਦੇ ਸਾਬਕਾ ਡਾਇਰੈਕਟਰ ਚਰਮੇਸ਼ ਸ਼ਰਮਾ ਨੇ ਇਸ ਮਾਮਲੇ ਵਿਚ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਮ ‘ਤੇ ਰਾਸ਼ਟਰਪਤੀ ਸਕੱਤਰੇਤ ਵਿਚ ਇਕ ਐਮਰਜੈਂਸੀ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ 16 ਜੁਲਾਈ ਨੂੰ ਹੋਣ ਵਾਲੀ ਮੌਤ ਦੀ ਸਜ਼ਾ ਨੂੰ ਰੋਕਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਤੁਰੰਤ ਕੂਟਨੀਤਕ ਅਤੇ ਕਾਨੂੰਨੀ ਦਖਲਅੰਦਾਜ਼ੀ ਦੀ ਅਪੀਲ ਕੀਤੀ ਹੈ।

ਸ਼ਰਮਾ ਨੇ ਇਸ ਸਥਿਤੀ ਨੂੰ ਇਕ ਗੰਭੀਰ ਮਨੁੱਖੀ ਸੰਕਟ ਦੱਸਿਆ ਹੈ ਅਤੇ ਇਸ ਮਾਮਲੇ ਵਿਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਖਲ ਦੀ ਮੰਗ ਕੀਤੀ ਹੈ। ਪਟੀਸ਼ਨ ਵਿਚ ਬੇਨਤੀ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਯਮਨ ਪ੍ਰਸ਼ਾਸਨ ਨਾਲ ਤੁਰੰਤ ਸੰਚਾਰ ਸਥਾਪਤ ਕਰੇ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਇਕ ਭਾਰਤੀ ਨਾਗਰਿਕ ਦੀ ਜਾਨ ਬਚਾਈ ਜਾ ਸਕੇ।

ਪਟੀਸ਼ਨ ਵਿਚ ਦੱਸਿਆ ਗਿਆ ਹੈ ਕਿ ਇਹ ਇਕ ਯੋਜਨਾਬੱਧ ਕਤਲ ਨਹੀਂ ਸੀ, ਸਗੋਂ ਹਲਾਤਾਂ ਕਾਰਨ ਹੋਇਆ ਹਾਦਸਾ ਸੀ। ਯਮਨ ਦੇ ਕਾਨੂੰਨ ਅਨੁਸਾਰ ਕੋਈ ਵੀ ਵਿਦੇਸ਼ੀ ਨਾਗਰਿਕ ਸਿਰਫ਼ ਤਾਂ ਹੀ ਕੋਈ ਸੰਸਥਾ ਜਾਂ ਹਸਪਤਾਲ ਸਥਾਪਤ ਕਰ ਸਕਦਾ ਹੈ ਜੇਕਰ ਉਸਦਾ ਕੋਈ ਸਥਾਨਕ ਸਾਥੀ ਹੋਵੇ। ਇਸ ਪ੍ਰਬੰਧ ਤਹਿਤ ਨਿਮਿਸ਼ਾ ਪ੍ਰਿਆ ਨੇ ਯਮਨੀ ਨਾਗਰਿਕ ਤਲਾਲ ਅਬਦੋ ਨਾਲ ਭਾਈਵਾਲੀ ਕੀਤੀ ਸੀ ਪਰ ਬਾਅਦ ਵਿਚ ਉਸਨੂੰ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਸ਼ ਹੈ ਕਿ ਦਸਤਾਵੇਜ਼ ਜ਼ਬਤ ਕਰਕੇ ਉਸਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ। ਆਪਣੀ ਪਟੀਸ਼ਨ ਵਿਚ ਚਰਮੇਸ਼ ਸ਼ਰਮਾ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਸਿਰਫ਼ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਨਹੀਂ ਸਗੋਂ ਮਨੁੱਖੀ ਦ੍ਰਿਸ਼ਟੀਕੋਣ ਤੋਂ ਵੀ ਦੇਖਣ ਦੀ ਲੋੜ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਯਮਨ ਦੇ ਰਾਸ਼ਟਰਪਤੀ ਅਤੇ ਨਿਆਂਪਾਲਿਕਾ ਨਾਲ ਸੰਪਰਕ ਕਰਨ ਅਤੇ ਫਾਂਸੀ ਨੂੰ ਰੋਕਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਝਾਅ ਦਿਤਾ ਕਿ ਜੇਕਰ ਜ਼ਰੂਰੀ ਹੋਵੇ ਤਾਂ ਭਾਰਤ ਨੂੰ ਵੀ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤ ਵਿਚ ਪੇਸ਼ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *