ਉਹ ਪਾਕਿਸਤਾਨ ਵਿਚ ਉਤਰ ਕੇ ਬਿਰਯਾਨੀ ਖਾ ਸਕਦੇ ਹਨ ਪਰ ਅਸੀਂ ਨਹੀਂ

0
mannn

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦਾ ਮਜ਼ਾਕ ਬਣਾਇਆ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 11 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਦੀ 2015 ਦੀ ਪਾਕਿਸਤਾਨ ਫੇਰੀ ਦਾ ਹਵਾਲਾ ਦਿਤਾ ਹੈ। ਮਾਨ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਕਿਹਾ “ਇੰਝ ਲੱਗਦਾ ਹੈ ਕਿ ਜਦ ਪ੍ਰਧਾਨ ਮੰਤਰੀ ਅਪਣੇ ਜਹਾਜ਼ ਵਿਚ ਉਡਾਣ ਭਰ ਰਹੇ ਹੁੰਦੇ ਹਨ, ਤਾਂ ਉਹ ਹੇਠਾਂ ਵੇਖਦੇ ਹਨ ਅਤੇ ਪੁਛਦੇ ਹਨ ਕਿ ‘ਇਹ ਕਿਹੜਾ ਦੇਸ਼ ਹੈ?’ ਜਦ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਇਕ ਫਲਾਣਾ ਦੇਸ਼ ਹੈ, ਤਾਂ ਉਹ ਕਹਿੰਦੇ ਹਨ, ‘ਕੋਈ ਫ਼ਰਕ ਨਹੀਂ ਪੈਂਦਾ, ਅਸੀਂ ਜਿਥੇ ਵੀ ਜਾ ਰਹੇ ਹਾਂ, ਉਥੇ ਇਕ ਘੰਟਾ ਲੇਟ ਹੋਵਾਂਗੇ। ਚਲੋ ਹੁਣੇ ਇਥੇ ਉਤਰਦੇ ਹਾਂ।’ ਉਹ ਕਿਤੇ ਵੀ ਉਤਰਨ ਦਾ ਫ਼ੈਸਲਾ ਕਰ ਲੈਂਦੇ ਹਨ। ਇਸੇ ਤਰ੍ਹਾਂ, ਉਹ ਪਾਕਿਸਤਾਨ ਵਿਚ ਵੀ ਉਤਰੇ।” ਮਾਨ ਨੇ ਫਿਰ 2015 ਵਿਚ ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਮਿਲਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਅਚਾਨਕ ਪਾਕਿਸਤਾਨ ਦੌਰੇ ਦਾ ਹਵਾਲਾ ਦਿਤਾ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਨੇ ਇਸੇ ਤਰ੍ਹਾਂ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਨੇ ਉਥੇ ਬਿਰਿਆਨੀ ਖਾਧੀ ਅਤੇ ਵਾਪਸ ਆ ਗਏ। ਅਸੀਂ ਪਾਕਿਸਤਾਨ ਨਹੀਂ ਜਾ ਸਕਦੇ ਪਰ ਉਹ ਉਥੇ ਉਤਰ ਸਕਦੇ ਹਨ।” ਜ਼ਿਕਰਯੋਗ ਹੈ ਕਿ 2015 ਵਿਚ ਪੀਐਮ ਮੋਦੀ ਰੂਸ ਦੀ ਯਾਤਰਾ ਅਤੇ ਅਫ਼ਗ਼ਾਨਿਸਤਾਨ ਵਿਚ ਇਕ ਸੰਖੇਪ ਠਹਿਰਨ ਤੋਂ ਬਾਅਦ ਘਰ ਵਾਪਸ ਆ ਰਹੇ ਸਨ, ਜਦ ਉਨ੍ਹਾਂ ਨੇ ਅਚਾਨਕ ਪਾਕਿਸਤਾਨ ਵਿਚ ਉਤਰਨ ਦਾ ਫ਼ੈਸਲਾ ਕੀਤਾ। ਇਸ ਲਈ ਪੀਐਮ ਮੋਦੀ ਦੀ ਆਲੋਚਨਾ ਹੋਈ ਹੈ। ਵਿਦੇਸ਼ ਮੰਤਰਾਲੇ ਨੇ ਇਸ ਬਿਆਨ ਨੂੰ ਅਫ਼ਸੋਸਜਨਕ ਦੱਸਿਆ ਸੀ ਇਸ ਤੋਂ ਪਹਿਲਾਂ, ਮੁੱਖ ਮੰਤਰੀ ਮਾਨ ਨੇ ਇਕ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਦੌਰਿਆਂ ਬਾਰੇ ਮਜ਼ਾਕ ਵਿਚ ਅਜਿਹੀ ਹੀ ਟਿੱਪਣੀ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਪਤਾ ਨਹੀਂ ਕਿ ਉਹ ਕਿੱਥੇ ਜਾ ਰਹੇ ਹਨ। ਉਨ੍ਹਾਂ ਕਿਹਾ ਸੀ, “ਪ੍ਰਧਾਨ ਮੰਤਰੀ ਘਾਨਾ ਗਏ ਹਨ, ਉਹ ਕਿੱਥੇ ਗਏ ਹਨ? ਪਤਾ ਨਹੀਂ ਕਿਹੜੇ ਦੇਸ਼ਾਂ ਵਿਚ ਮੈਗਨੇਸ਼ੀਆ, ਗਲਵੇਸ਼ੀਆ, ਤਰਵੇਸ਼ੀਆ, ਪਤਾ ਨਹੀਂ ਕਿ ਉਹ ਕਿੱਥੇ ਜਾ ਰਹੇ ਹਨ। ਉਹ ਉਥੇ ਨਹੀਂ ਰਹਿ ਰਹੇ ਜਿੱਥੇ 140 ਕਰੋੜ ਲੋਕ ਰਹਿ ਰਹੇ ਹਨ ਅਤੇ ਜਿਸ ਦੇਸ਼ ਵਿਚ ਉਹ ਜਾ ਰਹੇ ਹਨ, ਉਸ ਦੇਸ਼ ਦੀ ਆਬਾਦੀ ਕਿੰਨੀ ਹੈ? ਇਹ ਸਿਰਫ਼ 10 ਹਜ਼ਾਰ ਹੈ ਅਤੇ ਉਨ੍ਹਾਂ ਨੂੰ ਉਥੋਂ ਸਭ ਤੋਂ ਵੱਡਾ ਪੁਰਸਕਾਰ ਮਿਲਿਆ ਹੈ।” ਮਾਨ ਤੋਂ ਜਦ ਵਿਦੇਸ਼ ਮੰਤਰਾਲੇ ਦੇ ਜਵਾਬ ਬਾਰੇ ਖ਼ਾਸ ਤੌਰ ‘ਤੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿਤਾ, “ਕੀ ਮੈਨੂੰ ਵਿਦੇਸ਼ ਨੀਤੀ ਬਾਰੇ ਪੁੱਛਣ ਦਾ ਅਧਿਕਾਰ ਨਹੀਂ ਹੈ?” ਉਨ੍ਹਾਂ ਕਿਹਾ, “ਮੈਂ ਇਹੀ ਮੰਗ ਕਰਦਾ ਰਹਾਂਗਾ। ਦੇਸ਼ ਵਿਚ 140 ਕਰੋੜ ਲੋਕ ਹਨ, ਉਨ੍ਹਾਂ ਨੂੰ ਉਨ੍ਹਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਉਹ ਯੂਕਰੇਨ (ਰੂਸ) ਯੁੱਧ ਨੂੰ ਰੋਕ ਦੇਣਗੇ ਪਰ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੇ ਮੁੱਦੇ ਨੂੰ ਵੀ ਹੱਲ ਨਹੀਂ ਕਰ ਸਕਦੇ।”

Leave a Reply

Your email address will not be published. Required fields are marked *