ਡੀ.ਐਸ.ਪੀ. ਚੰਦਨਦੀਪ ਸਿੰਘ ਨੇ ਰਚਿਆ ਇਤਿਹਾਸ

0
player 2

ਮੋਹਾਲੀ, 10 ਜੁਲਾਈ (ਲਖਵੀਰ ਸਿੰਘ) : ਪੰਜਾਬ ਜੇਲ੍ਹ ਵਿਭਾਗ ਦੇ ਡਿਪਟੀ ਸੁਪਰਡੈਂਟ ਅਤੇ ਅੰਤਰਰਾਸ਼ਟਰੀ ਰੋਇੰਗ ਖਿਡਾਰੀ ਡੀ.ਐਸ.ਪੀ. ਚੰਦਨਦੀਪ ਸਿੰਘ ਨੇ ਨਵਾਂ ਇਤਿਹਾਸ ਰਚਿਆ ਹੈ। ਉਹ ਵਿਸ਼ਵ ਪੁਲਿਸ ਅਤੇ ਫ਼ਾਇਰ ਖੇਡਾਂ (ਡਬਲਿਊ.ਪੀ.ਐਫ.ਜੀ) ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਪੰਜਾਬ ਜੇਲ ਵਿਭਾਗ ਦਾ ਪਹਿਲਾ ਅਧਿਕਾਰੀ ਬਣ ਗਿਆ ਹੈ ਅਤੇ ਦੋ ਕਾਂਸ਼ੀ ਦੇ ਤਮਗ਼ੇ ਲੈ ਕੇ ਵਾਪਸ ਆਇਆ ਹੈ। ਅਮਰੀਕਾ ਵਿਚ ਹੋਈਆਂ ਇਨ੍ਹਾਂ ਖੇਡਾਂ ਵਿਚ ਉਸ ਨੇ ਪੁਰਸ਼ਾਂ ਦੇ ਹੈਵੀਵੇਟ ਵਰਗ ਦੇ 500 ਮੀਟਰ ਅਤੇ 2000 ਮੀਟਰ ਇਨਡੋਰ ਰੋਇੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੰਦਨਦੀਪ ਦਾ 70 ਤੋਂ ਵੱਧ ਦੇਸ਼ਾਂ ਦੇ ਖਿਡਾਰੀਆਂ ਵਿਚਕਾਰ ਮੁਕਾਬਲੇ ਵਿਚ ਪੋਡੀਅਮ ‘ਤੇ ਪਹੁੰਚਣਾ ਨਾ ਸਿਰਫ਼ ਉਸ ਦੀ ਮਿਹਨਤ ਦਾ ਸਬੂਤ ਹੈ, ਬਲਕਿ ਇਹ ਪੰਜਾਬ ਜੇਲ ਵਿਭਾਗ ਅਤੇ ਦੇਸ਼ ਲਈ ਮਾਣ ਵਾਲੀ ਗੱਲ ਵੀ ਹੈ। ਵਰਲਡ ਪੁਲਿਸ ਐਂਡ ਫ਼ਾਇਰ ਗੇਮਜ਼ ਹਰ ਦੋ ਸਾਲਾਂ ਬਾਅਦ ਆਯੋਜਿਤ ਹੋਣ ਵਾਲਾ ਇਕ ਵਿਸ਼ਵ ਪੱਧਰੀ ਮਲਟੀ-ਸਪੋਰਟ ਈਵੈਂਟ ਹੈ, ਜਿਸ ਵਿਚ ਕਾਨੂੰਨ ਵਿਵਸਥਾ ਅਤੇ ਐਮਰਜੈਂਸੀ ਸੇਵਾ ਕਰਮਚਾਰੀ ਹਿੱਸਾ ਲੈਂਦੇ ਹਨ। ਲੁਧਿਆਣਾ ਦੇ ਜੱਲਾ ਪਿੰਡ ਦੇ ਵਸਨੀਕ ਚੰਦਨਦੀਪ ਨੇ ਖੇਡ ਕੋਟੇ ਰਾਹੀਂ 2020 ਦੀ ਪੰਜਾਬ ਸਿਵਲ ਸੇਵਾਵਾਂ ਸਾਂਝੀ ਪ੍ਰਤੀਯੋਗੀ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। 2022 ਵਿਚ ਉਸ ਨੂੰ ਡਿਪਟੀ ਸੁਪਰਡੈਂਟ ਜੇਲ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਰਾਸ਼ਟਰੀ ਸੋਨ ਤਮਗ਼ਾ ਜੇਤੂ ਅਤੇ ਏਸ਼ੀਆਈ ਪੱਧਰ ਦਾ ਤਮਗ਼ਾ ਜੇਤੂ ਰਹਿ ਚੁੱਕਾ ਹੈ। ਵਰਤਮਾਨ ਵਿਚ ਉਹ ਸੈਂਟਰ ਸਪੋਰਟਸ ਜਲੰਧਰ ਵਿਖੇ ਪੰਜਾਬ ਪੁਲਿਸ ਰੋਇੰਗ ਟੀਮ ਨਾਲ ਖਿਡਾਰੀ-ਕਮ-ਇੰਚਾਰਜ ਵਜੋਂ ਸਿਖਲਾਈ ਲੈ ਰਿਹਾ ਹੈ। ਚੰਦਨਦੀਪ ਨੇ ਕਿਹਾ, “ਇਹ ਪ੍ਰਾਪਤੀ ਨਾ ਸਿਰਫ਼ ਮੇਰੇ ਲਈ, ਸਗੋਂ ਮੇਰੇ ਵਿਭਾਗ ਅਤੇ ਦੇਸ਼ ਲਈ ਵੀ ਇਕ ਮਾਣ ਵਾਲਾ ਪਲ ਹੈ। ਪਹਿਲੀ ਵਾਰ ਪੰਜਾਬ ਜੇਲ ਵਿਭਾਗ ਦੇ ਕਿਸੇ ਵਿਅਕਤੀ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਤਮਗ਼ਾ ਜਿੱਤਿਆ। ਇਹ ਗੱਲ ਮੈਨੂੰ ਭਵਿੱਖ ਵਿਚ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੀ ਹੈ।” ਉਸ ਨੇ ਦੱਸਿਆ ਕਿ ਉਹ ਇਸ ਸਮੇਂ ਸੀਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਅਤੇ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰੀ ਕਰ ਰਿਹਾ ਹੈ। ਚੰਦਨਦੀਪ ਦਾ ਸਫ਼ਰ ਇਸ ਤੱਥ ਦੀ ਇਕ ਉਦਾਹਰਣ ਹੈ ਕਿ ਅਨੁਸ਼ਾਸਨ, ਸਮਰਪਣ ਅਤੇ ਸੰਸਥਾਗਤ ਸਹਾਇ ਨਾਲ, ਖਿਡਾਰੀ ਅੰਤਰਰਾਸ਼ਟਰੀ ਮੰਚਾਂ ‘ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਚੰਦਨਦੀਪ ਸਿੰਘ ਦੇ ਪਿਤਾ ਸੇਵਾ-ਮੁਕਤ ਐਸ.ਪੀ. ਜਗਜੀਤ ਸਿੰਘ ਜੱਲਾ ਰੋਇੰਗ ਖੇਡਾਂ ਵਿਚ ਭਾਰਤ ਦੇ ਅਰਜਨ ਐਵਾਰਡੀ ਜੇਤੂ ਹਨ। ਜਗਜੀਤ ਸਿੰਘ ਜੱਲਾ ਨੇ ਮੋਹਾਲੀ ਵਿਖੇ ਐਸ.ਪੀ. ਹੈਡ ਕੁਆਰਟਰ ਅਤੇ ਹੋਰ ਅਹੁਦਿਆਂ ਤੇ ਸੇਵਾ ਨਿਭਾਈ ਹੈ।

Leave a Reply

Your email address will not be published. Required fields are marked *