ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ


ਨਵੀਂ ਦਿੱਲੀ 10 ਜੁਲਾਈ, (ਨਿਊਜ਼ ਟਾਊਨ ਨੈੱਟਵਰਕ ) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੀ ਯਾਤਰਾ ਮਗਰੋਂ ਅੱਜ ਸਵੇਰੇ ਵਾਪਸ ਆ ਗਏ ਹਨ। 5 ਦੇਸ਼ਾਂ ਦੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਘਾਨਾ, ਤ੍ਰਿਨੀਦਾਦ ਐਂਡ ਟੋਬੈਗੋ, ਅਰਜੈਨਟਿਨਾ, ਬ੍ਰਾਜ਼ੀਲ ਤੇ ਨਾਮੀਬੀਆ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬ੍ਰਾਜ਼ੀਲ ‘ਚ ਹੋਏ 17ਵੇਂ ਬ੍ਰਿਕਸ ਸੰਮੇਲਨ ‘ਚ ਵੀ ਹਿੱਸਾ ਲਿਆ।
ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਨਾਲ ਵੀ ਨਵਾਜਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ੀ ਸੰਸਦਾਂ ‘ਚ 17 ਵਾਰ ਭਾਸ਼ਣ ਵੀ ਦਿੱਤਾ। ਘਾਨਾ ‘ਚ ਪਿਛਲੇ 30 ਦਿਨਾਂ ਦੌਰਾਨ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਸੀ। ਇਸ ਦੌਰਾਨ ਉਨ੍ਹਾਂ ਨੂੰ ‘ਆਰਡਰ ਆਫ਼ ਦਿ ਸਟਾਰ ਆਫ਼ ਘਾਨਾ’ ਨਾਲ ਸਨਮਾਨਤ ਕੀਤਾ ਗਿਆ।
ਇਸ ਮਗਰੋਂ ਉਨ੍ਹਾਂ ਨੂੰ ਬ੍ਰਾਜ਼ੀਲ ਵਿਖੇ ਵੀ ਉੱਥੋਂ ਦੇ ਸਭ ਤੋਂ ਉੱਚੇ ਸਨਮਾਨ- ਗ੍ਰੈਂਡ ਕਾਲਰ ਆਫ਼ ਦਿ ਨੈਸ਼ਨਲ ਆਰਡਰ ਆਫ਼ ਸਾਊਦਰਨ ਕਰਾਸ’ ਨਾਲ ਨਵਾਜਿਆ ਗਿਆ। ਪਿਛਲੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਪੋਰਟ ਆਫ਼ ਸਪੇਨ ਦੇ ਦੋ ਦਿਨਾਂ ਦੌਰੇ ਦੌਰਾਨ ਕੈਰੇਬੀਅਨ ਰਾਸ਼ਟਰ ਦੇ ਸਰਵਉੱਚ ਨਾਗਰਿਕ ਪੁਰਸਕਾਰ ‘ਦਿ ਆਰਡਰ ਆਫ਼ ਦਿ ਰਿਪਬਲਿਕ ਆਫ਼ ਤ੍ਰਿਨੀਦਾਦ ਐਂਡ ਟੋਬੈਗੋ’ ਨਾਲ ਸਨਮਾਨਿਤ ਕੀਤਾ ਗਿਆ, ਜਿਸ ਮਗਰੋਂ ਇਹ ਸਨਮਾਨ ਹਾਸਲ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਪਹਿਲੇ ਵਿਦੇਸ਼ੀ ਨੇਤਾ ਬਣ ਗਏ ਹਨ।
ਇਸ ਤੋਂ ਬਾਅਦ ਉਨ੍ਹਾਂ ਨੂੰ ਨਾਮੀਬੀਆ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ, ‘ਆਰਡਰ ਆਫ਼ ਦਿ ਮੋਸਟ ਐਂਸ਼ੀਐਂਟ ਵੈਲਵਿਟਸਚੀਆ ਮੀਰਾਬਿਲਿਸ’ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਪ੍ਰਧਾਨ ਮੰਤਰੀ ਮੋਦੀ ਲਈ 27ਵਾਂ ਗਲੋਬਲ ਸਨਮਾਨ ਹੈ, ਜੋ ਕਿ ਚੱਲ ਰਹੇ ਪੰਜ ਦੇਸ਼ਾਂ ਦੇ ਦੌਰੇ ਦੌਰਾਨ ਚੌਥਾ ਸਨਮਾਨ ਹੈ।
ਨਾਮੀਬੀਆ ਦੀ ਸੰਸਦ ‘ਚ ਪ੍ਰਧਾਨ ਮੰਤਰੀ ਮੋਦੀ ਲਈ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਗਈਆਂ, ਜਦੋਂ ਉਨ੍ਹਾਂ ਨੇ ਲੋਕਤੰਤਰੀ ਕਦਰਾਂ-ਕੀਮਤਾਂ, ਤਕਨੀਕੀ ਭਾਈਵਾਲੀ ਅਤੇ ਸਿਹਤ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਸਾਂਝੀਆਂ ਇੱਛਾਵਾਂ ਦੀ ਗੱਲ ਕੀਤੀ। ਨਾਮੀਬੀਆ ਵਿੱਚ, ਦੇਸ਼ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਪ੍ਰਾਪਤ ਕਰਨ ‘ਤੇ ਸੰਸਦ ਦਾ ਚੈਂਬਰ “ਮੋਦੀ, ਮੋਦੀ” ਦੇ ਨਾਅਰਿਆਂ ਨਾਲ ਭਰ ਗਿਆ।