ਗੁਰੂਕੁਲ ‘ਚ ਛੇਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ, ਪਿਤਾ ਨੇ ਕਿਹਾ- ‘ਮੇਰੇ ਪੁੱਤਰ ਨਾਲ ਕੁਝ ਗਲਤ ਹੋਇਆ’, ਨੱਕ ਤੇ ਕੰਨਾਂ ‘ਚੋਂ ਵਹਿ ਰਿਹਾ ਸੀ ਖੂਨ


ਸ਼ਾਹਜਹਾਂਪੁਰ, 10 ਜੁਲਾਈ 2025 ( ਨਿਊਜ਼ ਟਾਊਨ ਨੈੱਟਵਰਕ ) :
ਗੁਰੂਕੁਲ ਰਿਹਾਇਸ਼ੀ ਮਹਾਂਵਿਦਿਆਲਾ ਵਿਚ ਛੇਵੀਂ ਜਮਾਤ ਦੇ ਵਿਦਿਆਰਥੀ ਅਨੁਰਾਗ ਯਾਦਵ ਨੂੰ ਕਤਲ ਕਰ ਦਿੱਤਾ ਗਿਆ ਹੈ। ਉਸ ਦੇ ਕੰਨ ਤੇ ਨੱਕ ਵਿੱਚੋਂ ਖ਼ੂਨ ਵੀ ਵਗਣ ਲੱਗਾ ਸੀ। ਕਤਲ ਕਾਂਡ ਦੀ ਤਹਿ ਤੱਕ ਜਾਣ ਦੀ ਬਜਾਏ ਗੁਰੂਕੁਲ ਦੇ ਪ੍ਰਬੰਧਕ ਇਸ ਨੂੰ ਹਾਦਸਾ ਕਰਾਰ ਦੇ ਰਹੇ ਹਨ।
ਪੋਸਟਮਾਰਟਮ ਰਿਪੋਰਟ ਵਿਚ ਕਤਲ ਦੀ ਪੁਸ਼ਟੀ ਹੋਣ ਮਗਰੋਂ ਪੁਲਿਸ ਸਰਗਰਮ ਹੋ ਗਈ ਹੈ। ਬੁੱਧਵਾਰ ਨੂੰ ਗੁਰੂਕੁਲ ਪੁੱਜੇ ਐੱਸਪੀ ਨੇ ਹੋਰਨਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਵਿਦਿਆਰਥੀ ਜਿੱਥੇ ਸੁੱਤਾ ਸੀ, ਉਥੋਂ ਖ਼ੂਨ ਸਾਫ਼ ਕਰਨ ਮਗਰੋਂ ਮੈਡੀਕਲ ਕਾਲਜ ਭੇਜਿਆ ਗਿਆ। ਉਸ ਦੇ ਸਹਿਪਾਠੀ ਵਿਦਿਆਰਥੀ ਦੀ ਬਨੈਣ ਉੱਤੇ ਖ਼ੂਨ ਲੱਗਾ ਸੀ, ਉਹ ਵੀ ਲੁਕਾਇਆ ਗਿਆ ਹੈ।
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਤਿਲਹਰ ਸਥਿਤ ਗੁਰੂਕੁਲ ਵਿਚ 140 ਵਿਦਿਆਰਥੀ ਪੜ੍ਹਦੇ ਹਨ। ਅਪ੍ਰੈਲ ਵਿਚ ਕੰਨੌਜ ਜ਼ਿਲ੍ਹੇ ਦੇ ਪਿੰਡ ਰਾਮਖੇੜਾ ਨਿਵਾਸੀ 13 ਸਾਲਾ ਅਨੁਰਾਗ ਯਾਦਵ ਦੀ ਅਡਮਿਸ਼ਨ ਕਰਵਾਈ ਗਈ ਸੀ। ਉਸ ਦੇ ਪਿਤਾ ਬਿਰਜੇਸ਼ ਯਾਦਵ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਗੁਰੂਕੁਲ ਦੇ ਸੰਚਾਲਕ ਪ੍ਰਣਵ ਆਰੀਆ ਨੇ ਫੋਨ ’ਤੇ ਦੱਸਿਆ ਕਿ ਅਨੁਰਾਗ ਦੀ ਸਿਹਤ ਨਾਸਾਜ਼ ਹੈ। ਇਸ ਲਈ ਜਲਦੀ ਤੋਂ ਜਲਦੀ ਵਰੁਣ-ਅਰਜੁਨ ਮੈਡੀਕਲ ਕਾਲਜ ਪਹੁੰਚੋ। ਜਦੋਂ ਆਰੀਆ ਨੂੰ ਪੁੱਤਰ ਨਾਲ ਗੱਲ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਨੇ ਨਹੀਂ ਕਰਵਾਈ। ਦੁਪਹਿਰ ਨੂੰ ਮੈਡੀਕਲ ਕਾਲਜ ਪੁੱਜੇ ਤਾਂ ਉਥੇ ਮੁਰਦਾਖ਼ਾਨਾ ਵਿਚ ਅਨੁਰਾਗ ਯਾਦਵ ਦੀ ਲਾ•ਸ਼ ਪਈ ਸੀ। ਬਿਰਜੇਸ਼ ਨੇ ਕਿਹਾ ਕਿ ਤਿੰਨ ਜੁਲਾਈ ਨੂੰ ਅਨੁਰਾਗ ਨੇ ਕਿਹਾ ਸੀ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ ਪਰ ਫਿਰ ਗੱਲ ਟਾਲ ਦਿੱਤੀ।
ਦੁਪਹਿਰ ਵੇਲੇ ਗੁਰੂਕੁਲ ਪੁੱਜੀ ਪੁਲਿਸ ਨੂੰ ਯੱਗਸ਼ਾਲਾ ਲਾਗਿਓਂ ਕੈਮਰੇ ਲੱਗੇ ਮਿਲੇ। ਦੂਜੀਆਂ ਥਾਵਾਂ ਦੀ ਫੁਟੇਜ ਪ੍ਰਾਪਤ ਕੀਤੀ ਸੀ। ਪੁਲਿਸ ਮੁਤਾਬਕ ਪੋਸਟਮਾਰਟਮ ਰਿਪੋਰਟ ਵਿਚ ਵਿਦਿਆਰਥੀ ਦੇ ਸਿਰ ਵਿਚ ਕਿਸੇ ਭਾਰੀ ਵਸਤੂ ਨਾਲ ਵਾਰ ਕੀਤਾ ਜਾਪਦਾ ਹੈ। ਤੇਜ਼ ਵਾਰ ਕਾਰਨ ਉਸ ਦੇ ਕੰਨ ਦੀ ਹੱਡੀ ਟੁੱਟ ਗਈ ਸੀ। ਚਿਹਰੇ ’ਤੇ ਵੀ ਝਰੀਟਾਂ ਹਨ।
