ਕਲਯੁਗੀ ਮਾਂ ਦਾ ਕਾਰਾ, 45 ਦਿਨਾਂ ਪੁੱਤ ਨੂੰ ਉਬਲਦੇ ਪਾਣੀ ‘ਚ ਸੁਟਿਆ


ਬੰਗਲੁਰੂ, 9 ਜੁਲਾਈ (ਨਿਊਜ਼ ਟਾਊਨ ਨੈੱਟਵਰਕ) : ਬੰਗਲੁਰੂ ਤੋਂ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਔਰਤ ਨੇ ਮਾਂ ਬਣਨ ਅਤੇ ਮਨੁੱਖਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿਤੇ ਹਨ। ਨੇਲਮੰਗਲਾ ਦੇ ਵਿਸ਼ਵੇਸ਼ਵਰਪੁਰਾ ਇਲਾਕੇ ਵਿਚ ਇਕ ਔਰਤ, ਜੋ ਕਥਿਤ ਤੌਰ ‘ਤੇ ਡਿਪਰੈਸ਼ਨ ਅਤੇ ਪਰਿਵਾਰਕ ਅਤੇ ਵਿੱਤੀ ਸਮੱਸਿਆਵਾਂ ਤੋਂ ਪੀੜਤ ਸੀ, ਨੇ ਆਪਣੇ ਹੀ 45 ਦਿਨਾਂ ਦੇ ਬੱਚੇ ‘ਤੇ ਉਬਲਦੇ ਪਾਣੀ ਪਾ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਮਾਂ ਵਲੋਂ ਕੀਤੀ ਗਈ ਇਸ ਘਟਨਾ ਦਾ ਜਦੋਂ ਪਰਿਵਾਰ ਅਤੇ ਪੂਰੇ ਇਲਾਕੇ ਨੂੰ ਪਤਾ ਲੱਗਾ ਤਾਂ ਉਹ ਵੀ ਕੰਬ ਗਏ।
ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਦੋਸ਼ੀ ਔਰਤ ਰਾਧਾ ਡਿਪਰੈਸ਼ਨ ਤੋਂ ਪੀੜਤ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦਾ ਪਤੀ ਸ਼ਰਾਬੀ ਹੈ, ਜੋ ਆਟੋ ਚਲਾਉਂਦਾ ਹੈ। ਪਰਿਵਾਰਕ ਕਲੇਸ਼ ਅਤੇ ਵਿੱਤੀ ਸੰਕਟ ਨੇ ਉਸਦੀ ਮਾਨਸਿਕ ਸਥਿਤੀ ਨੂੰ ਬਹੁਤ ਜ਼ਿਆਦਾ ਵਿਗਾੜ ਕੇ ਰੱਖ ਦਿਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਰਾਧਾ ਨੇ ਦੇਰ ਰਾਤ ਇਸ ਅਣਮਨੁੱਖੀ ਘਟਨਾ ਨੂੰ ਅੰਜਾਮ ਦਿਤਾ। ਜਦੋਂ ਪਰਿਵਾਰ ਦੇ ਬਾਕੀ ਮੈਂਬਰ ਸੌਂ ਰਹੇ ਸਨ ਤਾਂ ਔਰਤ ਨੇ ਚੁੱਪਚਾਪ ਆਪਣੇ ਮਾਸੂਮ ਬੱਚੇ ਨੂੰ ਆਪਣੀ ਗੋਦ ਵਿਚ ਚੁੱਕ ਲਿਆ ਅਤੇ ਗਰਮ ਪਾਣੀ ਵਿਚ ਪਾ ਦਿਤਾ, ਜਿਸ ਕਾਰਨ ਥੋੜ੍ਹੀ ਦੇਰ ਬਾਅਦ ਬੱਚੇ ਦੀ ਮੌਤ ਹੋ ਗਈ।
ਮਾਂ ਵਲੋਂ ਆਪਣੇ ਹੀ ਮਾਸੂਮ ਬੱਚੇ ਨੂੰ ਮਾਰਨ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਉਕਤ ਸਥਾਨ ‘ਤੇ ਪਹੁੰਚ ਗਈ ਅਤੇ ਮਾਮਲਾ ਦਰਜ ਕਰਕੇ ਦੋਸ਼ੀ ਔਰਤ ਰਾਧਾ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਦੇ ਸਬੰਧ ਵਿਚ ਪੁਲਿਸ ਨੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿਤੀ ਹੈ ਅਤੇ ਘਟਨਾ ਦੇ ਪਿੱਛੇ ਦੇ ਸਾਰੇ ਪਹਿਲੂਆਂ ਨੂੰ ਸਮਝਣ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।