ਲੁਧਿਆਣਾ ‘ਚ ਬੋਰੀ ‘ਚੋਂ ਮਿਲੀ ਕੁੜੀ ਦੀ ਲਾਸ਼, ਖ਼ਰਾਬ ਅੰਬ ਕਹਿ ਕੇ ਸੜਕ ‘ਤੇ ਸੁਟਿਆ


ਲੁਧਿਆਣਾ, 9 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਲੁਧਿਆਣਾ ਵਿਚ ਦੋ ਬਾਈਕ ਸਵਾਰ ਨੌਜਵਾਨਾਂ ਨੇ ਇਕ ਕੁੜੀ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਫਿਰੋਜ਼ਪੁਰ ਰੋਡ ‘ਤੇ ਡਿਵਾਈਡਰ ‘ਤੇ ਸੁੱਟ ਦਿਤਾ। ਜਦੋਂ ਉੱਥੇ ਮੌਜੂਦ ਇਕ ਸਟਰੀਟ ਵਿਕਰੇਤਾ ਨੇ ਨੌਜਵਾਨਾਂ ਨੂੰ ਬੋਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਸੜੇ ਹੋਏ ਅੰਬ ਸੁੱਟਣ ਆਏ ਸਨ। ਜਦੋਂ ਸਟਰੀਟ ਵਿਕਰੇਤਾ ਨੇ ਬੋਰੀ ਦੀ ਜਾਂਚ ਕੀਤੀ ਤਾਂ ਉਸ ਵਿਚ ਕੁੜੀ ਦੀ ਲਾਸ਼ ਸੀ।
ਉਸਨੇ ਤੁਰੰਤ ਆਰਤੀ ਚੌਕ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਲੋਕਾਂ ਨੇ ਲਾਸ਼ ਸੁੱਟਦੇ ਹੋਏ ਉਨ੍ਹਾਂ ਦੀ ਵੀਡੀਓ ਵੀ ਬਣਾਈ। ਜਦੋਂ ਤਕ ਪੁਲਿਸ ਮੌਕੇ ‘ਤੇ ਪਹੁੰਚੀ, ਨੌਜਵਾਨ ਬਾਈਕ ਛੱਡ ਕੇ ਭੱਜ ਗਏ।
ਇਸ ਬਾਬਤ ਥਾਣਾ ਡਿਵੀਜ਼ਨ ਨੰਬਰ 8 ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਕਿਸੇ ਨੇ ਆਰਤੀ ਚੌਕ ਦੇ ਨੇੜੇ ਬੋਰੀ ਸੁੱਟ ਦਿਤੀ ਹੈ ਤੇ ਸ਼ੱਕ ਹੈ ਕਿ ਇਸ ਵਿਚ ਕੋਈ ਲਾਸ਼ ਹੈ। ਲੋਕਾਂ ਨੇ ਬੋਰੀ ਸੁੱਟਣ ਵਾਲੇ ਦੋ ਮੁੰਡਿਆਂ ਨੂੰ ਰੋਕਿਆ ਅਤੇ ਪੁੱਛਿਆ ਕਿ ਇਸ ਵਿਚ ਕੀ ਹੈ, ਉਨ੍ਹਾਂ ਕਿਹਾ ਕਿ ਅੰਬ ਦੇ ਛਿਲਕੇ ਹਨ ਅਤੇ ਇਹ ਕਹਿਣ ਤੋਂ ਬਾਅਦ ਉਹ ਭੱਜ ਗਏ।
ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਅਸੀਂ ਉਸਦੀ ਮੋਟਰਸਾਈਕਲ ਬਰਾਮਦ ਕਰ ਲਈ ਹੈ। ਨੰਬਰ ਦੇ ਆਧਾਰ ‘ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਕ ਨੌਜਵਾਨ ਨੇ ਨਿੱਜੀ ਸੁਰੱਖਿਆ ਗਾਰਡ ਦੀ ਵਰਦੀ ਪਾਈ ਹੋਈ ਸੀ। ਦੋਵੇਂ ਪ੍ਰਵਾਸੀ ਜਾਪਦੇ ਹਨ। ਪੁਲਿਸ ਨੇ ਅਜੇ ਤਕ ਬੋਰੀ ਨਹੀਂ ਖੋਲ੍ਹੀ ਹੈ। ਇਸ ਵਿਚ ਇਕ ਲਾਸ਼ ਹੈ, ਪਰ ਇਹ ਕਿਸਦੀ ਲਾਸ਼ ਹੈ, ਇਸਦੀ ਜਾਂਚ ਕੀਤੀ ਜਾ ਰਹੀ ਹੈ।
