ਰਿੰਦਾ ਤੇ ਆਈ.ਐਸ.ਆਈ. ਵਲੋਂ ਭੇਜੇ 2 ਏਕੇ-47 ਤੇ ਹੈਂਡ ਗ੍ਰੇਨੇਡ ਬਰਾਮਦ


ਗੁਰਦਾਸਪੁਰ, 9 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਇਕ ਇੰਟੈਲੀਜੈਂਸ ਅਧਾਰਤ ਓਪਰੇਸ਼ਨ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੀ ਵੱਡੀ ਆਤੰਕੀ ਸਾਜ਼ਿਸ਼ ਨੂੰ ਨਾਕਾਮ ਕਰ ਦਿਤਾ ਹੈ। ਪੁਲਿਸ ਨੇ ਗੁਰਦਾਸਪੁਰ ਦੇ ਜੰਗਲਾਂ ‘ਚੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਵਿਸਫੋਟਕ ਸਮਾਨ ਬਰਾਮਦ ਕੀਤਾ, ਜੋ ਕਿ ਪਾਕਿਸਤਾਨ ‘ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਸਾਥੀਆਂ ਤਕ ਪਹੁੰਚਾਏ ਜਾਣੇ ਸਨ।
ਜਾਣਕਾਰੀ ਮੁਤਾਬਕ ਬਰਾਮਦ ਸਮਾਨ ਵਿਚ 2 ਏਕੇ-47 ਰਾਈਫਲਾਂ, 16 ਜਿੰਦਾ ਕਾਰਤੂਸ, 2 ਮੈਗਜ਼ੀਨ ਅਤੇ 2 ਪੀ-86 ਹੈਂਡ ਗ੍ਰੇਨੇਡ ਸ਼ਾਮਲ ਹਨ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਪਾਕਿਸਤਾਨ ਦੀਆਂ ਏਜੰਸੀਆਂ ਅਤੇ ਰਿੰਦਾ ਵਲੋਂ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਦੀ ਨੀਅਤ ਨਾਲ ਭੇਜੇ ਗਏ ਸਨ। ਪੁਲਿਸ ਦੀ ਇਹ ਕਾਰਵਾਈ ਇਕ ਵੱਡਾ ਹਮਲਾ ਰੋਕਣ ਵਿਚ ਸਫਲ ਰਹੀ ਹੈ।
ਐਂਟੀ-ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਆਈਐਸਆਈ ਅਤੇ ਅੱਤਵਾਦੀ ਰਿੰਦਾ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿਤਾ। ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਇਲਾਕੇ ਦੇ ਜੰਗਲਾਂ ‘ਚੋਂ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਹਨ, ਉਨ੍ਹਾਂ ਨੂੰ ਲੈ ਕੇ ਪੁਲਿਸ ਨੇ ਵਿਸਫੋਟਕ ਕਾਨੂੰਨ ਅਤੇ ਆਰਮਜ਼ ਐਕਟ ਹੇਠ ਕੇਸ ਦਰਜ ਕਰ ਲਿਆ ਹੈ।
ਅਧਿਕਾਰੀਆਂ ਦੇ ਅਨੁਸਾਰ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਉਹਨਾਂ ਲੋਕਾਂ ਦੀ ਪਛਾਣ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ, ਜੋ ਰਿੰਦਾ ਨਾਲ ਮਿਲ ਕੇ ਪੰਜਾਬ ਵਿਚ ਇਸ ਹਥਿਆਰਾਂ ਦੀ ਖੇਪ ਰਾਹੀਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।
