ਪੰਜਾਬ ਦੀਆਂ ਬਸਾਂ ਦੇ ਕੱਚੇ ਕਾਮਿਆਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ


(ਦੁਰਗੇਸ਼ ਗਾਜਰੀ)
ਚੰਡੀਗੜ੍ਹ, 9 ਜੁਲਾਈ : ਪੀ.ਆਰੲ.ਟੀ.ਸੀ-ਪਨਬਸ ਕੰਟਰੈਕਟ ਮੁਲਾਜ਼ਮ ਯੂਨੀਅਨ ਨੇ ਸ਼ੁਰੂ ਕੀਤੀ ਗਈ ਹੜਤਾਲ ਨੂੰ ਖ਼ਤਮ ਕਰ ਦਿਤਾ ਹੈ। ਯੂਨੀਅਨ ਵਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ ਪੰਜਾਬ ਸਰਕਾਰ ਨਾਲ ਗੱਲਬਾਤ ਉਪਰੰਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਹੜਤਾਲ ਦੇ ਸਨਮੁਖ ਯੂਨੀਅਨ ਨੂੰ ਮੰਗਾਂ ਬਾਰੇ ਗੱਲਬਾਤ ਦਾ ਸੱਦਾ ਦਿਤਾ ਗਿਆ ਸੀ। ਜਾਣਕਾਰੀ ਅਨੁਸਾਰ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਜਿਸ ਵਿਚ ਆਗੂਆਂ ਨੂੰ ਮੰਗਾਂ ਸਬੰਧੀ ਭਰੋਸਾ ਮਿਲਿਆ ਹੈ। ਮੀਟਿੰਗ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਯੂਨੀਅਨ ਨਾਲ ਮੀਟਿੰਗ ਹੋਈ ਹੈ, ਜਿਸ ਦੌਰਾਨ ਜ਼ਿਆਦਾਤਰ ਮੰਗਾਂ ਨੂੰ ਲੈ ਕੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਮੰਗਾਂ ਸਬੰਧੀ ਟਰਾਂਸਪੋਰਟ ਵਿਭਾਗ ਨਾਲ ਵੀ ਗੱਲਬਾਤ ਹੋਈ ਹੈ ਅਤੇ ਹੁਣ 20 ਦਿਨਾਂ ਦੇ ਅੰਦਰ-ਅੰਦਰ ਜਿਹੜੀਆਂ ਮੰਗਾਂ ਹਨ, ਉਨ੍ਹਾਂ ਸਾਰੀਆਂ ਬਾਰੇ ਵਿਚਾਰ ਕਰਕੇ ਮੁਕੰਮਲ ਰਿਪੋਰਟ ਆਵੇਗੀ। ਇਸ ਰਿਪੋਰਟ ਦੇ ਆਧਾਰ ‘ਤੇ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਯੂਨੀਅਨ ਨਾਲ ਅਗਲੀ ਮੀਟਿੰਗ 15 ਦਿਨਾਂ ਦੇ ਅੰਦਰ ਹੋਵੇਗੀ। ਹੁਣ ਸਾਰੇ ਕਰਮਚਾਰੀ ਅੱਜ ਹੀ ਕੰਮ ‘ਤੇ ਪਰਤਣਗੇ। ਜ਼ਿਕਰਯੋਗ ਹੈ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ, ਘੱਟ ਤਨਖ਼ਾਹ ‘ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਕਰਨ ਸਬੰਧੀ ਮੁਲਾਜ਼ਮਾਂ ਤੇ ਮਾਰੂ ਸ਼ਰਤਾਂ ਨੂੰ ਖ਼ਤਮ ਕਰਕੇ ਸਰਵਿਸ ਰੂਲ ਲਾਗੂ ਕਰਨ, ਠੇਕੇਦਾਰ ਬਾਹਰ ਕੱਢਣ, ਟਰਾਂਸਪੋਰਟ ਮਾਫ਼ੀਆ ਖ਼ਤਮ ਕਰਨ, ਕਿਲੋਮੀਟਰ ਬੱਸਾਂ ਬੰਦ ਕਰਨ, ਸਰਕਾਰੀ ਬੱਸਾਂ ਦੀ ਗਿਣਤੀ 10 ਹਜ਼ਾਰ ਕਰਨ ਆਦਿ ਸ਼ਾਮਲ ਹਨ।
