ਮੁਨੀਸ਼ ਸਿਸੋਦੀਆ ਦੇ ਨਾਂ ਉਤੇ ਠੱਗੀਆਂ ਮਾਰਨ ਵਾਲਾ ਕਾਬੂ


ਖ਼ੁਦ ਨੂੰ ਸਿਸੋਦੀਆ ਦਾ ਨਿੱਜੀ ਸਕੱਤਰ ਦੱਸ ਕੇ ਮੰਤਰੀਆਂ, ਅਫ਼ਸਰਾਂ ਤੋਂ ਮੰਗਦਾ ਸੀ ਪੈਸੇ
(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 9 ਜੁਲਾਈ : ਪਟਿਆਲਾ ਪੁਲਿਸ ਨੇ ਇਕ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੇ ਪੁਰਾਣੇ ਫ਼ੋਨ ਨੰਬਰ ਨੂੰ ਐਕਟੀਵੇਟ ਕਰਵਾ ਕੇ ਧੋਖਾਧੜੀ ਕੀਤੀ ਹੈ।
ਉਹ ਅਪਣੇ-ਆਪ ਨੂੰ ਸਿਸੋਦੀਆ ਦਾ ਨਿੱਜੀ ਸਕੱਤਰ ਦੱਸਦਾ ਸੀ ਅਤੇ ਸਿਆਸਤਦਾਨਾਂ, ਮੰਤਰੀਆਂ ਅਤੇ ਅਧਿਕਾਰੀਆਂ ਤੋਂ ਪੈਸੇ ਮੰਗਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਇਕ ਬਹੁਤ ਵੱਡਾ ਸਾਈਬਰ ਧੋਖਾਧੜੀ ਗਰੋਹ ਹੈ। ਛੇਤੀ ਹੀ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਮੋਬਾਈਲ ਕੰਪਨੀ ਨਾਲ ਮਿਲੀਭੁਗਤ ਕਰਕੇ ਮੁਨੀਸ਼ ਸਿਸੋਦੀਆ ਦਾ ਪੁਰਾਣਾ ਬੰਦ ਮੋਬਾਈਲ ਨੰਬਰ ਦੁਬਾਰਾ ਐਕਟੀਵੇਟ ਕਰਵਾਇਆ। ਇਸ ਤੋਂ ਬਾਅਦ ਉਸ ਨੇ ਇਹ ਖੇਡ ਸ਼ੁਰੂ ਕੀਤੀ। ਹੁਣ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਨਾਲ ਹੀ ਉਸ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਕਿੰਨੇ ਲੋਕਾਂ ਨਾਲ ਧੋਖਾ ਕੀਤਾ ਹੈ।
