ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਹਿੱਤ ਅਕਾਲੀ ਦਲ ਨੇ ਰੁੱਖ ਲਗਾਏ


ਮੋਹਾਲੀ ਵਿਚ ਲੋਕਾਂ ਦੇ ਸਹਿਯੋਗ ਨਾਲ 1100 ਛਾਂ ਤੇ ਫੁੱਲਦਾਰ ਬੂਟੇ ਲਾਵਾਂਗੇ : ਪਰਵਿੰਦਰ ਸਿੰਘ ਸੋਹਾਣਾ
(ਲਖਵੀਰ ਸਿੰਘ)
ਮੋਹਾਲੀ, 8 ਜੁਲਾਈ : ਰੁੱਖਾਂ ਦੀ ਲਗਾਤਾਰ ਕਟਾਈ ਕਾਰਨ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਹਲਕਾ ਮੋਹਾਲੀ ਦੇ ਵੱਖ-ਵੱਖ ਖੇਤਰਾਂ ਵਿਚ ਲੋਕਾਂ ਦੇ ਸਹਿਯੋਗ ਨਾਲ 1100 ਬੂਟੇ ਲਗਾਏ ਜਾਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਮੋਹਾਲੀ ਦੇ ਪਿੰਡ ਮਾਣਕਮਾਜਰਾ ਵਿਚ “ਰੁੱਖ ਲਗਾਓ-ਭਵਿੱਖ ਬਚਾਓ” ਮੁਹਿੰਮ ਤਹਿਤ ਰੁੱਖ ਲਗਾਉਣ ਉਪਰੰਤ ਸਥਾਨਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਬਾਅਦ ਵਿਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸੋਹਾਣਾ ਨੇ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪਾਰਟੀ ਨੂੰ ਆਦੇਸ਼ ਕੀਤਾ ਗਿਆ ਸੀ ਕਿ ਚੌਗਿਰਦੇ ਨੂੰ ਬਚਾਉਣ ਲਈ ਇਕ ਲੱਖ ਪੰਚੀ ਹਜ਼ਾਰ ਨਵੇਂ ਦਰੱਖ਼ਤ ਲਗਾਏ ਜਾਣ ਦੀ ਪਾਲਣਾ ਕਰਦਿਆਂ ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਵਲੋਂ ਇਸ ਦੀ ਰਸਮੀ ਸ਼ੁਰੂਆਤ ਪਹਿਲਾਂ ਹੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ 27 ਜੂਨ ਨੂੰ ਬੂਟੇ ਲਗਾ ਕੇ ਕੀਤੀ ਜਾ ਚੁੱਕੀ ਹੈ ਜਿਸ ਨੂੰ ਰਾਜ ਭਰ ਵਿਚ ਚਲਾਇਆ ਜਾਵੇਗਾ। ਉਨ੍ਹਾਂ ਸਾਫ਼ ਕਿਹਾ ਕਿ ਪਾਰਟੀ ਦਾ ਹਰ ਵਰਕਰ ਤੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਸੋਹਾਣਾ ਨੇ ਕਿਹਾ ਕਿ ਨਵੇਂ ਲਗਾਏ ਜਾਣ ਵਾਲੇ ਤਮਾਮ ਦਰੱਖ਼ਤਾਂ ਦੀ ਅਗਲੇ 2 ਸਾਲਾਂ ਲਈ ਲਗਾਤਾਰ ਸਾਂਭ-ਸੰਭਾਲ ਵੀ ਕੀਤੀ ਜਾਵੇਗੀ ਤਾਕਿ ਇਹ ਮੁਹਿੰਮ ਸਿਰਫ਼ ਖ਼ਾਨਪੂਰਤੀ ਤੀਕ ਹੀ ਸੀਮਤ ਨਾ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ, ਕੈਪਟਨ ਰਮਨਦੀਪ ਸਿੰਘ ਬਾਵਾ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਲਖਨੌਰ, ਅਮਨ ਪੂਨੀਆ, ਲੰਬੜਦਾਰ ਹਰਿੰਦਰ ਸਿੰਘ ਸੁੱਖਗੜ੍ਹ, ਕੁਲਦੀਪ ਸਿੰਘ ਬੈਰੋਂਪੁਰ, ਨਿਰਮਲ ਸਿੰਘ ਸਰਪੰਚ ਮਾਣਕਮਾਜਰਾ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।
