ਅਮਰੀਕਾ ‘ਚ ਰੋਇੰਗ ਈਵੈਂਟ ‘ਚ ਏਐਸਆਈ ਵਕਿੰਦਰ ਕੁਮਾਰ ਨੇ ਜਿੱਤਿਆ ਸਿਲਵਰ ਮੈਡਲ


ਜਲਾਲਾਬਾਦ, 7 ਜੁਲਾਈ (ਅਮਰੀਕ ਤਨੇਜਾ, ਪਾਲਾ ਹਾਂਡ) : ਪਾਣੀ ਵਿਚ ਖੇਡੀ ਜਾਣ ਵਾਲੀ ਦੁਨੀਆਂ ਦੀ ਸਭ ਤੋਂ ਚੁਣੌਤੀਪੂਰਨ ਖੇਡ ਜਿਸ ਨੂੰ ਰੋਇੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਅਤੇ ਇਸ ਵਿਚ ਪੈਂਦੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਰੋਇੰਗ ਦਾ ਗੜ੍ਹ ਮੰਨਿਆ ਗਿਆ ਹੈ। ਅਮਰੀਕਾ (ਅਲਬਾਮਾ) ਵਿਖੇ ਚੱਲ ਰਹੀਆ ਵਰਲਡ ਪੁਲਿਸ ਗੇਮਾਂ ਵਿਚ ਏ. ਐਸ. ਆਈ. ਵਕਿੰਦਰ ਕੁਮਾਰ ਰੋਇੰਗ ਗੇਮ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਉਹਨਾਂ ਵਲੋਂ ਦੋ ਕਿਲੋਮੀਟਰ ਦੇ ਰੋਇੰਗ ਈਵੈਂਟ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕਰ ਭਾਰਤ ਅਤੇ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕੀਤਾ ਗਿਆ। ਏ. ਐਸ.ਆਈ. ਵਕਿੰਦਰ ਕੁਮਾਰ ਦੇ ਨਾਲ ਉਹਨਾਂ ਦੀ ਪੰਜਾਬ ਪੁਲਿਸ ਟੀਮ ਦੇ ਮੈਂਬਰ ਡੀ. ਐਸ. ਪੀ. ਚੰਦਨਦੀਪ ਸਿੰਘ , ਐਚ. ਸੀ. ਮਨਜੀਤ ਕੁਮਾਰ , ਐਚ. ਸੀ. ਗੁਰਕਮਲ ਸਿੰਘ, ਐਸ. ਆਈ. ਅਮਨਜੋਤ ਕੌਰ ਨੇ ਵੀ ਯੂ.ਐਸ.ਏ. ਵਿਖੇ ਚੱਲ ਰਹੀਆਂ ਵਰਲਡ ਪੁਲਿਸ ਗੇਮਾਂ ਵਿਚ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ ।
ਇਸ ਤੋਂ ਪਹਿਲਾਂ ਨਵੰਬਰ, 2024 ਵਿਚ ਬ੍ਰਿਸਬੇਨ ਆਸਟਰੇਲੀਆ ਵਿਖੇ ਹੋਈਆਂ ਪੈਨ ਫੈਸਬਿਕ ਵਰਲਡ ਮਾਸਟਰ ਗੇਮਾਂ ਵਿਚ ਵੀ ਏ.ਐਸ.ਆਈ. ਵਕਿੰਦਰ ਕੁਮਾਰ ਅਤੇ ਉਹਨਾਂ ਦੇ ਛੋਟੇ ਭਰਾ ਐਚ ਸੀ ਵਿਪਨ ਕੰਬੋਜ ਵਲੋਂ ਗੋਲਡ ਮੈਡਲ ਪ੍ਰਾਪਤ ਕਰ ਭਾਰਤ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਇਆ। ਚਾਂਦੀ ਦਾ ਤਗਮਾ ਜਿੱਤਣ ਉਪਰੰਤ ਪੰਜਾਬ ਪੁਲਿਸ ਦੇ ਅਫਸਰਾਂ ਅਤੇ ਕੋਚ ਸਾਹਿਬਾਨ ਵਲੋ ਪੰਜਾਬ ਪੁਲਿਸ ਦੀ ਰੋਇੰਗ ਟੀਮ ਨੂੰ ਵਧਾਈਆਂ ਦਿਤੀਆਂ ਗਈਆਂ ਅਤੇ ਜਲਾਲਾਬਾਦ ਦੇ ਐਮਐਲਏ ਜਗਦੀਪ ਕੰਬੋਜ ਗੋਲਡੀ ਅਤੇ ਜਲਾਲਾਬਾਦ ਸਾਬਕਾ ਐਮ.ਐਲ.ਏ. ਰਮਿੰਦਰ ਸਿੰਘ ਆਮਲਾ ਵਲੋਂ ਏਐਸਆਈ ਵਕਿੰਦਰ ਕੁਮਾਰ ਦੇ ਪਿਤਾ ਸ਼੍ਰੀ ਚੰਦਰ ਪ੍ਰਕਾਸ਼ ਨੂੰ ਫੋਨ ਕਰ ਵਧਾਈਆਂ ਦਿਤੀਆਂ।
ਜ਼ਿਕਰਯੋਗ ਹੈ ਕਿ ਜਲਾਲਾਬਾਦ ਦੇ ਨਜ਼ਦੀਕੀ ਪੈਂਦੇ ਪਿੰਡ ਖੈਰੇ ਕੇ ਉਤਾੜ ਦੇ ਹੋਣਹਾਰ ਖਿਡਾਰੀ ਵਕਿੰਦਰ ਕੁਮਾਰ ਪੁੱਤਰ ਸ਼੍ਰੀ ਚੰਦਰ ਪ੍ਰਕਾਸ਼ ਜੋ ਕਿ ਪੰਜਾਬ ਪੁਲਿਸ ਵਿਚ ਬਤੌਰ ਏ. ਐਸ. ਆਈ. ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਰੋਇੰਗ ਦੇ ਇਕ ਇੰਟਰਨੈਸ਼ਨਲ ਖਿਡਾਰੀ ਹਨ। ਪਿਛਲੇ 20 ਸਾਲਾਂ ਦੌਰਾਨ ਉਹ ਚੰਡੀਗੜ੍ਹ ਵਿਚ ਪੰਜਾਬ ਪੁਲਿਸ ਦੀ ਰੋਇੰਗ ਟੀਮ ਦੇ ਖਿਡਾਰੀ ਰਹੇ, ਉਨ੍ਹਾਂ ਵਲੋਂ ਕਈ ਨੈਸ਼ਨਲ ਅਤੇ ਆਲ ਇੰਡੀਆ ਪੁਲਿਸ ਗੇਮਾਂ ਵਿਚ ਮੈਡਲ ਪ੍ਰਾਪਤ ਕਰ ਮੱਲਾਂ ਮਾਰੀਆਂ ਜਾ ਚੁਕੀਆਂ ਹਨ।