ਹੁਸ਼ਿਆਰਪੁਰ ‘ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 8 ਮੌਤਾਂ, ਦਰਜਨਾਂ ਲੋਕ ਹੋਏ ਜ਼ਖਮੀ


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਗਟਾਇਆ ਡੂੱਘਾ ਦੁੱਖ
ਹੁਸ਼ਿਆਰਪੁਰ, 7 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ‘ਚ ਤੜਕਸਾਰ ਪਿੰਡ ਸਗਰਾ ਨੇੜੇ ਸਵਾਰੀਆਂ ਨਾਲ ਭਰੀ ਨਿੱਜੀ ਕੰਪਨੀ ਦੀ ਇਕ ਮਿੰਨੀ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਇਕ ਬੱਚੇ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮੌਤਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਦੇ ਕਰੀਬ ਹਾਜੀਪੁਰ ਤੋਂ ਦਸੂਹਾ ਵੱਲ ਨੂੰ ਜਾ ਰਹੀ ਸਵਾਰੀਆਂ ਨਾਲ ਭਰੀ ਨਿੱਜੀ ਕੰਪਨੀ ਦੀ ਮਿੰਨੀ ਬੱਸ ਦੀ ਸਾਹਮਣੇ ਤੋਂ ਆ ਰਹੇ ਕਾਰ ਨਾਲ ਸਿੱਧੀ ਟੱਕਰ ਹੋ ਗਈ। ਬੱਸ ਸੰਤੁਲਨ ਗੁਆ ਕੇ ਪਲਟ ਗਈ। ਇਸ ਹਾਦਸੇ ਵਿਚ ਹੁਣ ਤੱਕ ਇਕ ਬੱਚੇ ਸਮੇਤ 8 ਯਾਤਰੀਆਂ ਦੀ ਮੌਤ ਹੋ ਗਈ ਹੈ। ਜਦੋਂ ਕਿ ਲਗਭਗ 24 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਸ ਕਾਰਨ ਯਾਤਰੀਆਂ ਵਿਚ ਚੀਕ-ਚਿਹਾੜਾ ਮਚ ਗਿਆ। ਆਸ-ਪਾਸ ਦੇ ਲੋਕਾਂ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਰਤਾਰ ਕੰਪਨੀ ਦੀ ਇਹ ਮਿੰਨੀ ਬੱਸ ਤਲਵਾੜਾ ਦਸੂਹਾ ਰੋਡ ‘ਤੇ ਜਾ ਰਹੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਸੂਹਾ ਸਿਵਲ ਹਸਪਤਾਲ ਦੇ ਮੌਜੂਦਾ ਐਸਐਮਓ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਮਰੀਜ਼ ਜ਼ਖਮੀ ਹਾਲਤ ਵਿਚ ਸਾਡੇ ਕੋਲ ਪਹੁੰਚੇ ਹਨ। ਸਾਡੀਆਂ ਟੀਮਾਂ ਸਾਰਿਆਂ ਦਾ ਇਲਾਜ ਕਰ ਰਹੀਆਂ ਹਨ। ਸ਼ੁਰੂ ਵਿਚ ਜਦੋਂ ਮਰੀਜ਼ਾਂ ਨੂੰ ਲਿਆਂਦਾ ਗਿਆ ਤਾਂ 3 ਲੋਕ ਮ੍ਰਿਤਕ ਪਾਏ ਗਏ। ਇਸ ਵਿਚ ਇਕ ਛੋਟਾ ਬੱਚਾ ਵੀ ਸੀ। ਇਲਾਜ ਦੌਰਾਨ ਕੁਝ ਦੀ ਮੌਤ ਵੀ ਹੋ ਗਈ।
ਹਾਦਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਸਗਰਾ ‘ਚ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਨਿਜੀ ਮਿੰਨੀ ਬੱਸ ਅਤੇ ਕਾਰ ਦੀ ਆਪਸੀ ਟੱਕਰ ਹੋਈ ਹੈ ਜਿਸ ਵਿਚ ਕਈ ਲੋਕਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਨੂੰ ਤੁਰੰਤ ਜ਼ਖ਼ਮੀਆਂ ਦੀ ਮਦਦ ਕਰਨ ਨੂੰ ਕਿਹਾ ਹੈ ਤੇ ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ ‘ਚ ਹਾਂ। ਇਸ ਹਾਦਸੇ ‘ਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।
