ਅਬੋਹਰ ‘ਚ ਮਸ਼ਹੂਰ ਟੇਲਰ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ


ਅਬੋਹਰ, 7 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ’ਚ ਇਸ ਸਮੇਂ ਕਾਨੂੰਨ ਵਿਵਸਥਾ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਕਤਲ ਦੀਆਂ ਵਾਰਦਾਤ ਆਮ ਹੁੰਦੀਆਂ ਜਾ ਰਹੀਆਂ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸ਼ਹਿਰ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼ਹਿਰ ਦੇ ਇਕ ਮਸ਼ਹੂਰ ਕਾਰੋਬਾਰੀ ਅਤੇ ਨਿਊ ਵੇਅਰ ਵੈੱਲ ਜੈਂਟਸ ਟੇਲਰ ਸ਼ੋਅਰੂਮ ਦੇ ਸਹਿ-ਮਾਲਕ ਸੰਜੇ ਵਰਮਾ ਦੀ ਸੋਮਵਾਰ ਨੂੰ ਇਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਹੈ।
ਦੱਸਣਯੋਗ ਹੈ ਕਿ ਇਹ ਸਨਸਨੀਖੇਜ਼ ਘਟਨਾ ਭਗਤ ਸਿੰਘ ਚੌਕ ਸਥਿਤ ਉਨ੍ਹਾਂ ਦੇ ਸ਼ੋਅਰੂਮ ਦੇ ਬਾਹਰ ਉਦੋਂ ਵਾਪਰੀ ਜਦੋਂ ਸੰਜੇ ਵਰਮਾ ਆਪਣੀ ਕਾਰ ਵਿਚ ਉੱਥੇ ਪਹੁੰਚੇ। ਚਸ਼ਮਦੀਦਾਂ ਅਨੁਸਾਰ ਤਿੰਨ ਹਮਲਾਵਰ ਇਕ ਮੋਟਰਸਾਈਕਲ ‘ਤੇ ਆਏ ਅਤੇ ਜਿਵੇਂ ਹੀ ਸੰਜੇ ਵਰਮਾ ਕਾਰ ਤੋਂ ਬਾਹਰ ਨਿਕਲਿਆ, ਉਨ੍ਹਾਂ ਨੇ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ।

ਘਟਨਾ ਤੋਂ ਬਾਅਦ ਹਮਲਾਵਰਾਂ ਦੀ ਬਾਈਕ ਫਿਸਲ ਗਈ, ਜਿਸ ਤੋਂ ਬਾਅਦ ਉਹ ਕੁਝ ਦੂਰੀ ਤੱਕ ਪੈਦਲ ਭੱਜੇ ਅਤੇ ਇਕ ਹੋਰ ਮੋਟਰਸਾਈਕਲ ਸਵਾਰ ਨੂੰ ਬਾਈਕ ਤੋਂ ਉਤਾਰ ਕੇ ਉਸਦੀ ਬਾਈਕ ਖੋਹ ਲਈ ਅਤੇ ਭੱਜ ਗਏ। ਜ਼ਖਮੀ ਸੰਜੇ ਵਰਮਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿਤਾ।
ਕੁਝ ਦੂਰ ਜਾਣ ਤੋਂ ਬਾਅਦ, ਉਹ ਬਾਈਕ ਖੜ੍ਹੀ ਕਰ ਕੇ ਕਾਰ ਵਿਚ ਭੱਜ ਗਏ। ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਗੁੱਸੇ ਵਿਚ ਆਏ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਦਿਤਾ ਹੈ। ਵਪਾਰੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
ਇਸ ਮਾਮਲੇ ਮਗਰੋਂ ਵਿਰੋਧੀ ਆਗੂਆਂ ਵਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਅਬੋਹਰ ਵਿਚ ਪ੍ਰਸਿੱਧ ਵਪਾਰੀ ਸੰਜੈ ਵਰਮਾ ਦੀ ਦਿਨ ਦਿਹਾੜੇ ਕੀਤੀ ਗਈ ਹੱਤਿਆ ਦੀ ਸਖ਼ਤ ਸਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸਰੀਕ ਹਾਂ। ਪਰ ਇਹ ਘਟਨਾ ਸਬੂਤ ਹੈ ਇਸ ਵੇਲੇ ਪੰਜਾਬ ਦੀ ਅਮਨ ਕਾਨੂੰਨ ਦੀ ਅਸਲ ਸਥਿਤੀ ਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸ਼ਰੇਆਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਜਦ ਕਿ ਸਰਕਾਰ ਗਾਇਬ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਅਬੋਹਰ ਵਿਚ ਦ ਨਿਊ ਵੇਅਰ ਵੈੱਲ ਟੇਲਰਜ਼ ਦੇ ਮਾਲਕ ਸੰਜੇ ਵਰਮਾ ਦਾ ਦਿਨ-ਦਿਹਾੜੇ ਹੋਇਆ ਹੈਰਾਨ ਕਰਨ ਵਾਲਾ ਕਤਲ, ਪ੍ਰਚਲਿਤ ਜੰਗਲ ਰਾਜ ਨੂੰ ਦਰਸਾਉਂਦਾ ਹੈ। ਡਾਕਟਰ, ਕਲਾਕਾਰ ਅਤੇ ਖਿਡਾਰੀ ਸਮੇਤ ਕਾਰੋਬਾਰੀ ਅਤੇ ਪੇਸ਼ੇਵਰ ਜਬਰੀ ਵਸੂਲੀ ਕਰਨ ਵਾਲਿਆਂ ਤੋਂ ਗੰਭੀਰ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ। ਮੈਂ ਇਸ ਬੇਰਹਿਮ ਕਤਲ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਵਰਮਾ ਪਰਿਵਾਰ ਨਾਲ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ। ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ।
ਇਸ ਕਤਲ ਦੀ ਜ਼ਿੰਮੇਵਾਰੀ ਹੁਣ ਤਿੰਨ ਗੈਂਗਸਟਰਾਂ ਨੇ ਲਈ ਹੈ। ਪੋਸਟ ਰਾਹੀਂ ਗੈਂਗਸਟਰਾਂ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਉਨ੍ਹਾਂ ਖਿਲਾਫ਼ ਭੁਗਤੇਗਾ ਤਾਂ ਇਹੀ ਅੰਜਾਮ ਹੋਵੇਗਾ। ਆਰਜੂ ਬਿਸ਼ਨੋਈ ਦੇ ਨਾਂਅ ਵਾਲੀ ਇਸ ਫੇਸਬੁੱਕ ਪ੍ਰੋਫਾਈਲ ਪੋਸਟ ਵਿਚ ਲਿਖਿਆ ਗਿਆ ਗਿਆ ਹੈ, ‘ਇਹ ਜਿਹੜਾ ਨਿਊ ਵੀਅਰ ਵੈਲ ਅਬੋਹਰ ਦਾ ਕਤਲ ਹੋਇਆ ਹੈ, ਇਸ ਦੀ ਜ਼ਿੰਮੇਵਾਰੀ ਮੈਂ ਗੋਲਡੀ ਢਿੱਲੋਂ, ਆਰਜ਼ੂ ਬਿਸ਼ਨੋਈ ਅਤੇ ਸ਼ੁਭਮ ਲੋਂਕਰ ਮਹਾਰਾਸ਼ਟਰਾ ਲੈਂਦੇ ਹਾਂ।’
ਇਸ ਵਿਚ ਅੱਗੇ ਲਿਖਿਆ ਗਿਆ ਹੈ, ‘ਇਸ ਨੂੰ ਅਸੀਂ ਕਾਲ ਕੀਤਾ ਸੀ ਕਿਸੇ ਮੈਟਰ ਨੂੰ ਲੈ ਕੇ, ਇਸ ਨੇ ਸਾਨੂੰ ਪਛਾਣਨ ਤੋਂ ਇਨਕਾਰ ਕਰ ਦਿਤਾ ਤਾਂ ਇਸ ਨੂੰ ਇਹ ਦੱਸਣ ਲਈ ਅਸੀਂ ਠੋਕ ਦਿਤਾ, ਕਿ ਪਤਾ ਚੱਲ ਸਕੇ ਅਸੀਂ ਕੌਣ ਹਾਂ। ਇਹ ਸਾਡੇ ਦੁਸ਼ਮਣਾਂ ਨੂੰ ਸਪੋਰਟ ਕਰਦਾ ਸੀ, ਜਿਹੜਾ ਵੀ ਸਾਡੇ ਖਿਲਾਫ਼ ਜਾਵੇਗਾ, ਉਸ ਨੂੰ ਮਿੱਟੀ ‘ਚ ਮਿਲਾ ਦੇਵਾਂਗੇ। ਜੋ ਅਸੀਂ ਕਰਦੇ ਹਾਂ ਉਸ ਦੀ ਜ਼ਿੰਮੇਵਾਰੀ ਲੈਂਦੇ ਹੈ, ਭਾਵੇਂ ਉਹ ਕਿਸੇ ਦੀ 302 ਹੋਵੇ ਜਾਂ 207, ਅਸੀਂ ਜੋ ਕਰਦੇ ਹੈ, ਉਸ ਦੀ ਜ਼ਿੰਮੇਵਾਰੀ ਲੈਂਦੇ ਹਾਂ।’ ਹਾਲਾਂਕਿ, ਮਾਈ ਨਿਊਜ਼ ਟਾਊਨ ਇਸ ਪੋਸਟ ਸਬੰਧੀ ਕੋਈ ਪੁਸ਼ਟੀ ਨਹੀਂ ਕਰਦਾ ਹੈ।
