ਮਾਲੇਰਕੋਟਲਾ ਵਿਖੇ ਮਾਤਮੀ ਮਾਹੌਲ ‘ਚ ਮਨਾਇਆ ਮੁਹੱਰਮ ਦਾ ਦਿਹਾੜਾ


ਮਾਲੇਰਕੋਟਲਾ, 6 ਜੁਲਾਈ (ਮੁਨਸ਼ੀ ਫਾਰੂਕ) : ਮਾਲੇਰਕੋਟਲਾ ਦੇ ਮੁਸਲਿਮ ਸ਼ੀਆ ਭਾਈਚਾਰੇ ਵਲੋਂ ਹਜ਼ਰਤ ਇਮਾਮ ਹੁਸੈਨ ਦੀ ਯਾਦ ਨੂੰ ਸਮਰਪਿਤ ਮੁਹੱਰਮ ਦਾ ਦਿਹਾੜਾ ਪੂਰੇ ਮਾਤਮੀ ਮਾਹੌਲ ’ਚ ਮਨਾਉਂਦਿਆਂ ਸ਼ਹਿਰ ਅੰਦਰ ਮਾਤਮੀ ਜਲੂਸ ਕੱਢੇ। ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੇ ਸ਼ੋਕ ’ਚ ਡੁੱਬੇ ਕਾਲੇ ਕੱਪੜੇ ਪਹਿਨੇ ਸ਼ੀਆ ਭਾਈਚਾਰੇ ਦੇ ਲੋਕ ਸਿਰਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਮਾਮਬਾੜਾ ਖੋਜ਼ਗਾਨ ਵਿਖੇ ਇਕੱਠੇ ਹੋਏ ਜਿਥੇ ਮਜਲਿਸ ਦੌਰਾਨ ਮੌਲਾਨਾ ਸ਼ਮਸੀ ਰਜ਼ਾ ਬਿਹਾਰ ਵਲੋਂ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਸਬੰਧੀ ਤਕਰੀਰਾਂ ਕਰਨ ਤੋਂ ਬਾਅਦ ਇਮਾਮਬਾੜਾ ਖੋਜਗਾਨ ਤੋਂ ਮਾਤਮ ਕਰਦੇ ਹੋਏ ਰਵਾਨਾ ਹੋਇਆ, ਇਹ ਮਾਤਮੀ ਜਲੂਸ ਜਿਸ ‘ਚ ਵੱਡੀ ਗਿਣਤੀ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਦੁਪਹਿਰ ਵੇਲੇ ਇਮਾਮਬਾੜਾ ਸਇਅਦਾਨ ‘ਚ ਪਹੁੰਚਿਆ।
ਇਥੇ ਮੌਲਾਨਾ ਸ਼ਮੀਮ ਉਲ ਹਸਨ ਸ਼ਿਰਾਜੀ ਨੇ ਸ਼ੀਆ ਭਾਈਚਾਰੇ ਨੂੰ ਸੰਬੋਧਨ ਕੀਤਾ, ਜਿਸ ਤੋਂ ਬਾਅਦ ਦੁਪਹਿਰ ਸ਼ੀਸ਼-ਮਹਿਲ ਨੇੜੇ ਸਥਿਤ ਇਮਾਮਬਾੜਾ ਅਹਿਸਾਨੀਆ ਪੁੱਜਿਆ। ਫਿਰ ਜੋਹਰ ਦੀ ਨਮਾਜ਼ ਤੋਂ ਬਾਅਦ ਇਮਾਮਬਾੜਾ ਅਹਿਸਾਨੀਆ ’ਚ ਮੌਲਾਨਾ ਮਿਕਦਾਦ ਕਰਨਾਟਕਾ ਨੇ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਸਬੰਧੀ ਕਰਬਲਾ ਦੇ ਮੈਦਾਨ-ਏ-ਜੰਗ ਬਾਰੇ ਦੱਸਿਆ।

ਉਨ੍ਹਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ ਵਲੋਂ 783 ਈਸਵੀ ‘ਚ ਇਸਲਾਮ ਤੇ ਮਨੁੱਖਤਾ ਨੂੰ ਬਚਾਉਣ ਲਈ ਕਰਬਲਾ ਦੇ ਮੈਦਾਨ-ਏ-ਜੰਗ ‘ਚ ਆਪਣੇ 71 ਪਰਿਵਾਰਕ ਸਾਥੀਆਂ ਸਮੇਤ ਸ਼ਹਾਦਤ ਦਿਤੀ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਸ਼ੀਆ ਭਾਈਚਾਰੇ ਦੇ ਲੋਕਾਂ ਵਲੋਂ ਮੁਹੱਰਮ ਦਿਹਾੜੇ ਦੌਰਾਨ ਤੇਜ਼ਧਾਰ ਜ਼ੰਜੀਰਾਂ ਅਤੇ ਤਲਵਾਰਾਂ ਨਾਲ ਮਾਤਮ ਕਰਦੇ ਹੋਏ ਆਪਣੇ ਆਪ ਨੂੰ ਲਹੂ-ਲੁਹਾਨ ਕਰਕੇ ਦੁਨੀਆਂ ਨੂੰ ਇਹ ਸੰਦੇਸ਼ ਦਿਤਾ ਜਾਂਦਾ ਹੈ ਕਿ ਜੇਕਰ ਉਹ ਵੀ ਉਸ ਸਮੇਂ ਕਰਬਲਾ ਦੇ ਮੈਦਾਨ ’ਚ ਹੁੰਦੇ ਤਾਂ ਇਸਲਾਮ ਤੇ ਮਨੁੱਖਤਾ ਲਈ ਸ਼ਹਾਦਤ ਦੇਣ ਵਾਲੇ ਹਜ਼ਰਤ ਇਮਾਮ ਹੁਸੈਨ ਦੀ ਖਾਤਰ ਉਹ ਆਪਣੇ-ਆਪ ਨੂੰ ਕੁਰਬਾਨ ਕਰ ਦਿੰਦੇ। ਇਹ ਮਾਤਮੀ ਜਲੂਸ ਦੇਰ ਸ਼ਾਮ ਸਥਾਨਕ ਬਸ ਸਟੈਂਡ ਨੇੜੇ ਸਥਿਤ ਕਰਬਲਾ ਪਹੁੰਚਣ ਉਪਰੰਤ ਸਮਾਪਤ ਹੋਇਆ।
ਮੁਹੱਰਮ ਮੌਕੇ ਐਸ.ਐਸ.ਪੀ ਗਗਨ ਅਜੀਤ ਸਿੰਘ ਦੇ ਦਿਸ਼ਾ-ਨਿਰਦਸ਼ਾਂ ਤਹਿਤ ਮਾਲੇਰਕੋਟਲਾ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਇਮਾਮਬਾੜਿਆਂ, ਬਾਜ਼ਾਰਾਂ ਆਦਿ ‘ਚ ਲੋਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਨੌਜ਼ਵਾਨ ਸ਼ੀਆ ਆਗੂ ਤੇ ਪ੍ਰਸਿੱਧ ਸਮਾਜ ਸੇਵੀ ਸ਼੍ਰੀ ਸ਼ੇਖ ਕਰਾਰ ਹੁਸੈਨ ਅਤੇ ਸਮੂਹ ਸ਼ੀਆ ਭਾਈਚਾਰੇ ਵੱਲੋਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਰਮ ਮੌਕੇ ਦਿਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
