ਇਟਲੀ ਤੋਂ ਦੋ ਦਿਨ ਪਹਿਲਾਂ ਘਰ ਆਏ ਨੌਜਵਾਨ ਦੀ ਮੌਤ


ਕਪੂਰਥਲਾ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਇਟਲੀ ਤੋਂ ਦੋ ਦਿਨ ਪਹਿਲਾਂ ਘਰ ਆਏ ਇਕ ਨੌਜਵਾਨ ਦੀ ਪਿੰਡ ਮੁਸ਼ਕਵੇਦ ਤੋਂ ਡੈਣਵਿੰਡ ਜਾਂਦੇ ਰਸਤੇ ਵਿਚ ਭੇਦਭਰੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਉਸ ਦੇ ਪਿਤਾ ਏ.ਐਸ.ਆਈ. ਨਰਿੰਦਰ ਸਿੰਘ ਬੈਂਸ ਨੇ ਅਪਣੇ ਲੜਕੇ ਅਮਨਦੀਪ ਸਿੰਘ ਵਾਸੀ ਡੈਣਵਿੰਡ ਵਜੋਂ ਕੀਤੀ ਹੈ। ਮ੍ਰਿਤਕ ਲੜਕੇ ਦੀ ਮਾਤਾ ਸਰਬਜੀਤ ਕੌਰ ਪਿੰਡ ਡੈਣਵਿੰਡ ਦੀ ਮੌਜੂਦਾ ਸਰਪੰਚ ਹੈ।
ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸ.ਐਚ.ਓ. ਕਿਰਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਪਿੰਡ ਮੁਸ਼ਕਵੇਦ ਤੋਂ ਡੈਣਵਿੰਡ ਨੂੰ ਜਾਂਦੇ ਰਸਤੇ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ ‘ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿਤਾ ਹੈ।
ਮ੍ਰਿਤਕ ਦੇ ਪਿਤਾ ਨੇ ਕਿਹਾ ਉਨ੍ਹਾਂ ਦਾ ਲੜਕਾ ਰਾਤ ਘਰ ਨਹੀਂ ਆਇਆ ਤਾਂ ਅਸੀਂ ਸਾਰੀ ਰਾਤ ਉਸ ਨੂੰ ਲੱਭਦੇ ਰਹੇ। ਉਨ੍ਹਾਂ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਉਸ ਦੇ ਲੜਕੇ ਦੇ ਮੌਤ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਹੋਈ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
