ਕੈਨੇਡਾ ‘ਚ ਬਰਨਾਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ


ਸਰੀ/ਬਰਨਾਲਾ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਕੈਨੇਡਾ ਤੋਂ ਇਕ ਵਾਰ ਫਿਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦੇ ਬਰਨਾਲਾ ਦੇ ਪਿੰਡ ਠੀਕਰੀਵਾਲਾ (ਹਲਕਾ ਮਹਲ ਕਲਾਂ) ਨਾਲ ਸਬੰਧਤ 31 ਸਾਲਾ ਨੌਜਵਾਨ ਬੇਅੰਤ ਸਿੰਘ ਉਰਫ਼ ਜਗਤਾਰ ਦੀ ਕੈਨੇਡਾ ਦੇ ਸਰੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਬੇਅੰਤ ਸਿੰਘ ਸਿਰਫ਼ ਦੋ ਮਹੀਨੇ ਪਹਿਲਾਂ ਹੀ ਵਧੀਆ ਭਵਿੱਖ ਅਤੇ ਰੋਜ਼ਗਾਰ ਦੀ ਤਲਾਸ਼ ਵਿਚ ਕੈਨੇਡਾ ਗਿਆ ਸੀ। ਜਦੋਂ ਇਹ ਦੁੱਖਦਾਈ ਖ਼ਬਰ ਪਿੰਡ ਅਤੇ ਪਰਿਵਾਰ ਤਕ ਪਹੁੰਚੀ, ਤਾਂ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਬੇਅੰਤ ਦੇ ਚਾਚਾ ਹਰਭਗਵਾਨ ਸਿੰਘ ਅਤੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਪ੍ਰੈਲ ਮਹੀਨੇ ਕੈਨੇਡਾ ਗਿਆ ਸੀ ਅਤੇ 2 ਜੁਲਾਈ ਨੂੰ ਉਸਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਕਰਜ਼ਾ ਚੁੱਕ ਕੇ ਬੇਅੰਤ ਸਿੰਘ ਨੂੰ ਕੈਨੇਡਾ ਦੇ ਸਰੀ ਭੇਜਿਆ ਸੀ। ਇਹ ਮੰਦਭਾਗੀ ਖਬਰ ਉਹਨਾਂ ਦੇ ਕੈਨੇਡਾ ਵਿਚ ਰਹਿ ਰਹੇ ਪਰਿਵਾਰਕ ਮੈਂਬਰਾਂ ਨੇ ਪਰਿਵਾਰ ਨੂੰ ਫੋਨ ਰਾਹੀਂ ਦੱਸੀ, ਜਿਸ ਨਾਲ ਸਾਰੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਬੇਅੰਤ ਸਿੰਘ ਪੰਜ ਭੈਣਾਂ ਵਿਚ ਇਕੱਲਾ ਭਰਾ ਸੀ ਅਤੇ ਆਪਣੀ ਵਿਧਵਾ ਮਾਂ ਮਲਕੀਤ ਕੌਰ ਦਾ ਇਕੱਲਾ ਆਸਰਾ ਵੀ ਸੀ। ਪਰਿਵਾਰ ਨੇ ਬਹੁਤ ਮੁਸ਼ਕਿਲ ਨਾਲ ਕਰਜ਼ਾ ਲੈ ਕੇ ਉਸਨੂੰ ਕੈਨੇਡਾ ਭੇਜਿਆ ਸੀ, ਪਰ ਕਿਸਮਤ ਨੇ ਉਸਦਾ ਸਾਥ ਨਹੀਂ ਦਿਤਾ। ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਲਗਭਗ ਪੰਜ ਸਾਲ ਸਿੰਗਾਪੁਰ ਵਿਚ ਕੰਮ ਕਰ ਚੁੱਕਾ ਸੀ ਅਤੇ ਫਿਰ ਪੰਜਾਬ ਆ ਕੇ ਕੈਨੇਡਾ ਜਾਣ ਦਾ ਫ਼ੈਸਲਾ ਲਿਆ ਸੀ।
ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਰਾਜ ਸਰਕਾਰ, ਕੇਂਦਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੇਅੰਤ ਸਿੰਘ ਦੀ ਦੇਹ ਭਾਰਤ ਲਿਆਉਣ ਵਿਚ ਉਨ੍ਹਾਂ ਦੀ ਸਰਕਾਰੀ ਪੱਧਰ ‘ਤੇ ਮਦਦ ਕੀਤੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਪਿੰਡ ਵਿਚ ਕਰ ਸਕਣ। ਪਿੰਡ ਦੇ ਸਰਪੰਚ ਕਿਰਨਜੀਤ ਸਿੰਘ, ਪੰਚ ਜੀਤ ਸਿੰਘ, ਜਸਪਰੀਤ ਹੈਪੀ ਅਤੇ ਸੁਖਦੇਵ ਸਿੰਘ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਰਕਾਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਕਿਉਂਕਿ ਪਰਿਵਾਰ ਪਹਿਲਾਂ ਹੀ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ।
