ਅਦਾਕਾਰਾ ਤਾਨੀਆ ਦੇ ਜ਼ੇਰੇ ਇਲਾਜ ਪਿਤਾ ਨੂੰ ਮਿਲੇ ਸਿਹਤ ਮੰਤਰੀ

ਕਿਹਾ, ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਹਮਲਵਾਰਾਂ ਨੂੰ ਮਿਸਾਲੀ ਸਜ਼ਾ ਦੇਵਾਂਗੇ’

ਮੋਗਾ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਵਿਚ ਡਾਕਟਰ ਅਨਿਲ ਕੰਬੋਜ ਨੂੰ 4 ਜੁਲਾਈ ਨੂੰ ਉਨ੍ਹਾਂ ਦੇ ਕਲੀਨਿਕ ਦੇ ਅੰਦਰ ਗੋਲੀਆਂ ਮਾਰ ਦਿਤੀਆਂ ਗਈਆਂ। ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਹੈ। ਡਾਕਟਰ ਕੰਬੋਜ ਪੰਜਾਬੀ ਫ਼ਿਲਮ ਅਦਾਕਾਰਾ ਤਾਨੀਆ ਦੇ ਪਿਤਾ ਹਨ। ਦਿਨ-ਦਿਹਾੜੇ ਹੋਏ ਇਸ ਹਮਲੇ ਨਾਲ ਇਲਾਕੇ ਵਿਚ ਦਹਿਸ਼ਤ ਅਤੇ ਗੁੱਸਾ ਫੈਲ ਗਿਆ ਹੈ।
ਐਤਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪੀੜਤ ਪਰਿਵਾਰ ਨੂੰ ਮਿਲਣ ਗਏ ਅਤੇ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਦੋਸ਼ੀ ਮਰੀਜ਼ ਬਣ ਕੇ ਆਏ ਸਨ ਅਤੇ ਇਸ ਤਰੀਕੇ ਨਾਲ ਇਕ ਡਾਕਟਰ ‘ਤੇ ਹਮਲਾ ਕਰਨਾ ਬਹੁਤ ਸ਼ਰਮਨਾਕ ਹੈ। ਸਰਕਾਰ ਡਾਕਟਰਾਂ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਜਲਦੀ ਹੀ ਸਖ਼ਤ ਕਦਮ ਚੁੱਕੇ ਜਾਣਗੇ।
ਜਾਣਕਾਰੀ ਅਨੁਸਾਰ 4 ਜੁਲਾਈ ਨੂੰ ਦੋ ਨੌਜਵਾਨ ਕੋਟ ਈਸੇ ਖ਼ਾਨ ਸਥਿਤ ਡਾਕਟਰ ਅਨਿਲ ਕੰਬੋਜ ਦੇ ਕਲੀਨਿਕ ਵਿਚ ਮਰੀਜ਼ ਬਣ ਕੇ ਦਾਖ਼ਲ ਹੋਏ ਸਨ। ਕੁਝ ਦੇਰ ਗੱਲਾਂ ਕਰਨ ਤੋਂ ਬਾਅਦ, ਉਨ੍ਹਾਂ ਨੇ ਅਚਾਨਕ ਰਿਵਾਲਵਰ ਕੱਢਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਲਗਭਗ ਪੰਜ ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਹਮਲਾਵਰ ਮੌਕੇ ਤੋਂ ਭੱਜ ਗਏ। ਗੰਭੀਰ ਰੂਪ ਵਿਚ ਜ਼ਖ਼ਮੀ ਡਾਕਟਰ ਕੰਬੋਜ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਥਾਨਕ ਸੂਤਰਾਂ ਅਨੁਸਾਰ ਡਾ. ਕੰਬੋਜ ਨੂੰ ਪਹਿਲਾਂ ਸੁਰੱਖਿਆ ਦਿਤੀ ਗਈ ਸੀ, ਪਰ ਕੁਝ ਸਮਾਂ ਪਹਿਲਾਂ ਉਹ ਸੁਰੱਖਿਆ ਵਾਪਸ ਲੈ ਲਈ ਗਈ ਸੀ। ਜਦੋਂ ਮੰਤਰੀ ਡਾ. ਬਲਬੀਰ ਸਿੰਘ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ- ਅਸੀਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਂਗੇ ਕਿ ਸੁਰੱਖਿਆ ਕਿਉਂ ਵਾਪਸ ਲਈ ਗਈ।
ਮੰਤਰੀ ਨੇ ਸਪੱਸ਼ਟ ਕੀਤਾ ਕਿ ਦੋਸ਼ੀਆਂ ਦੀ ਪਛਾਣ ਜਲਦੀ ਹੀ ਕੀਤੀ ਜਾਵੇਗੀ। ਦੋਸ਼ੀਆਂ ਨੇ ਮਰੀਜ਼ ਬਣ ਕੇ ਇਹ ਕਦਮ ਚੁੱਕਿਆ ਹੈ। ਪੁਲਿਸ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰੇਗੀ। ਉਨ੍ਹਾਂ ਕਿਹਾ- ਅਸੀਂ ਇਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਫੜੇ ਜਾਣ ਤੋਂ ਬਾਅਦ ਹਮਲਾਵਰਾਂ ਨੂੰ ਅਜਿਹੀ ਮਿਸਾਲੀ ਸਜ਼ਾ ਦਿਤੀ ਜਾਵੇਗੀ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।
