ਚਾਰ ਦਿਨਾਂ ਦੌਰੇ ‘ਤੇ ਬ੍ਰਾਜ਼ੀਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

0
modi in brazil 1

60 ਸਾਲਾਂ ‘ਚ ਕਿਸੇ ਭਾਰਤੀ ਪੀਐਮ ਦਾ ਬ੍ਰਾਜ਼ੀਲ ਦਾ ਪਹਿਲਾ ਦੁਵੱਲਾ ਦੌਰਾ

ਰਿਓ ਡੀ ਜਨੇਰੀਓ/ ਨਵੀਂ ਦਿੱਲੀ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਦਿਨਾਂ ਦੀ ਵਿਦੇਸ਼ੀ ਯਾਤਰਾ ‘ਤੇ ਬ੍ਰਾਜ਼ੀਲ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦਾ ਉੱਥੇ ਪਹੁੰਚਣ ‘ਤੇ ਉੱਥੇ ਮੌਜੂਦ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਸ਼ਾਨਦਾਰ ਸਵਾਗਤ ਕੀਤਾ। ਉਹ 6 ਅਤੇ 7 ਜੁਲਾਈ ਨੂੰ ਰੀਓ ਡੀ ਜਨੇਰੀਓ ਵਿਚ ਹੋਣ ਵਾਲੇ 17ਵੇਂ ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਪੀਐਮ ਮੋਦੀ ਬ੍ਰਾਜ਼ੀਲ ਦਾ ਸਰਕਾਰੀ ਦੌਰਾ ਵੀ ਕਰਨਗੇ।

ਰੀਓ ਡੀ ਜਨੇਰੀਓ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਰਵਾਇਤੀ ਨਾਚ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਦੇਸ਼ ਭਗਤੀ ਦੀਆਂ ਪੇਂਟਿੰਗਾਂ ਰਾਹੀਂ ਕੀਤਾ ਗਿਆ। ਪ੍ਰਵਾਸੀਆਂ ਨੇ ਹੱਥਾਂ ਵਿਚ ਤਿਰੰਗੇ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਵਾਗਤ ਸਮਾਰੋਹ ਦੀ ਸਭ ਤੋਂ ਖਾਸ ਪੇਸ਼ਕਾਰੀ ‘ਆਪ੍ਰੇਸ਼ਨ ਸਿੰਦੂਰ’ ‘ਤੇ ਅਧਾਰਤ ਸੀ, ਜਿਸ ਵਿਚ ਪਾਕਿਸਤਾਨ ਵਿਚ ਸਰਗਰਮ ਅੱਤਵਾਦੀਆਂ ਵਿਰੁੱਧ ਭਾਰਤ ਦੁਆਰਾ ਕੀਤੀ ਗਈ ਫੈਸਲਾਕੁੰਨ ਫ਼ੌਜੀ ਕਾਰਵਾਈ ਨੂੰ ਪੇਂਟਿੰਗਾਂ ਅਤੇ ਨਾਚ ਰਾਹੀਂ ਪੇਸ਼ ਕੀਤਾ ਗਿਆ।

ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਕਈ ਤਰੀਕਿਆਂ ਨਾਲ ਇਤਿਹਾਸਕ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਲਗਭਗ 60 ਸਾਲਾਂ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਬ੍ਰਾਜ਼ੀਲ ਦੀ ਪਹਿਲੀ ਦੁਵੱਲੀ ਯਾਤਰਾ ਹੈ। ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਉਹ ਬ੍ਰਾਸੀਲੀਆ ਜਾਣਗੇ, ਜਿਥੇ ਉਹ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਵਪਾਰ, ਰੱਖਿਆ, ਊਰਜਾ, ਪੁਲਾੜ, ਵਿਗਿਆਨ, ਖੇਤੀਬਾੜੀ, ਸਿਹਤ ਅਤੇ ਜਨ ਸੰਪਰਕ ਵਰਗੇ ਮਹੱਤਵਪੂਰਨ ਖੇਤਰਾਂ ਵਿਚ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ‘ਤੇ ਚਰਚਾ ਹੋਵੇਗੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਨਾਲ ਬਿਊਨਸ ਆਇਰਸ ਵਿਚ ਵਫ਼ਦ ਪੱਧਰੀ ਗੱਲਬਾਤ ਕੀਤੀ ਜੋ ਕਿ ਅਰਜਨਟੀਨਾ ਦੀ ਆਪਣੀ ਵਿਸ਼ੇਸ਼ ਯਾਤਰਾ ਦਾ ਕੇਂਦਰੀ ਪੜਾਅ ਸੀ, ਜਿਸ ਦੌਰਾਨ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦਾ ਵਾਅਦਾ ਕੀਤਾ।

ਇਸ ਦੌਰਾਨ ਰਾਸ਼ਟਰਪਤੀ ਮਾਈਲੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ, ਜੋ ਕਿ ਭਾਰਤ ਅਤੇ ਅਰਜਨਟੀਨਾ ਵਿਚਕਾਰ ਡੂੰਘੇ ਸਬੰਧਾਂ ਦਾ ਪ੍ਰਤੀਕ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੈਨ ਮਾਰਟਿਨ ਮੈਮੋਰੀਅਲ ‘ਤੇ ਫੁੱਲ ਚੜ੍ਹਾ ਕੇ ਅਰਜਨਟੀਨਾ ਦੇ ਆਜ਼ਾਦੀ ਘੁਲਾਟੀਏ ਜਨਰਲ ਜੋਸ ਡੇ ਸੈਨ ਮਾਰਟਿਨ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਅਰਜਟੀਨਾ ਦੀ ਯਾਤਰਾ ਤੋਂ ਬਾਅਦ ਪੀਐਮ ਮੋਦੀ ਫਿਰ ਬ੍ਰਾਜ਼ੀਲ ਦੀ ਯਾਤਰਾ ਲਈ ਰਵਾਨਾ ਹੋ ਗਏ ਸਨ।

Leave a Reply

Your email address will not be published. Required fields are marked *