ਤ੍ਰਿਨੀਦਾਦ ਮਗਰੋਂ ਪੀਐਮ ਮੋਦੀ ਦਾ ਅਰਜਨਟੀਨਾ ‘ਚ ਸ਼ਾਨਦਾਰ ਸਵਾਗਤ

57 ਸਾਲਾਂ ਬਾਅਦ ਅਰਜਨਟੀਨਾ ‘ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ
ਪੀਐਮ ਮੋਦੀ ਨੂੰ ਮਿਲਿਆ ਤ੍ਰਿਨੀਦਾਦ ਅਤੇ ਟੋਬੈਗੋ ਦਾ ਸਰਵਉੱਚ ਸਨਮਾਨ


ਨਵੀਂ ਦਿੱਲੀ, 5 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਦੇਰ ਸ਼ਾਮ ਆਪਣੀ ਦੋ ਦਿਨਾਂ ਯਾਤਰਾ ਦੇ ਹਿੱਸੇ ਵਜੋਂ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਪਹੁੰਚੇ, ਜਿੱਥੇ ਉਨ੍ਹਾਂ ਦਾ ਰਵਾਇਤੀ ਤੌਰ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਏਜੀਜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿਤਾ ਗਿਆ। ਇਸ ਤੋਂ ਬਾਅਦ ਜਦੋਂ ਉਹ ਹੋਟਲ ਪਹੁੰਚੇ ਤਾਂ ਭਾਰਤੀ ਭਾਈਚਾਰੇ ਨੇ ਮੋਦੀ-ਮੋਦੀ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਦਾ ਸਵਾਗਤ ਸੱਭਿਆਚਾਰਕ ਨਾਚ ਪ੍ਰੋਗਰਾਮ ਨਾਲ ਕੀਤਾ ਗਿਆ।
ਜ਼ਿਕਰਯੋਗ ਹੇ ਕਿ ਇਹ ਦੌਰਾ ਕਈ ਤਰ੍ਹਾਂ ਨਾਲ ਮਹੱਤਵਪੂਰਨ ਹੈ ਕਿਉਂਕਿ 57 ਸਾਲਾਂ ਵਿਚ ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਦੁਵੱਲੀ ਯਾਤਰਾ ‘ਤੇ ਅਰਜਨਟੀਨਾ ਪਹੁੰਚਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ 2018 ਵਿਚ G20 ਸੰਮੇਲਨ ਲਈ ਅਰਜਨਟੀਨਾ ਪਹੁੰਚੇ ਸਨ ਪਰ ਇਹ ਉਨ੍ਹਾਂ ਦੀ ਪਹਿਲੀ ਅਧਿਕਾਰਤ ਦੁਵੱਲੀ ਯਾਤਰਾ ਹੈ। 1968 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਰਜਨਟੀਨਾ ਫੇਰੀ ਤੋਂ ਬਾਅਦ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਦੁਵੱਲੀ ਅਰਜਨਟੀਨਾ ਫੇਰੀ ਹੈ।
ਅਰਜਨਟੀਨਾ ਦੇ ਸਰੋਤ ਜਿਵੇਂ ਕਿ ਲਿਥੀਅਮ, ਤਾਂਬਾ ਅਤੇ ਸ਼ੈਲ ਗੈਸ ਭਾਰਤ ਦੀਆਂ ਊਰਜਾ ਅਤੇ ਇਲੈਕਟ੍ਰਿਕ ਵਾਹਨ ਖੇਤਰ ਦੀਆਂ ਤਰਜੀਹਾਂ ਨਾਲ ਮੇਲ ਖਾਂਦੇ ਹਨ। ਲਿਥੀਅਮ ਤਿਕੋਣ (ਅਰਜਨਟੀਨਾ, ਚਿਲੀ ਅਤੇ ਬੋਲੀਵੀਆ) ਵਿਚ ਮੌਜੂਦ ਖਣਿਜ ਭਾਰਤ ਦੀਆਂ ਬੈਟਰੀ ਨਿਰਮਾਣ ਯੋਜਨਾਵਾਂ ਲਈ ਬਹੁਤ ਮਹੱਤਵਪੂਰਨ ਹਨ। ਭਾਰਤੀ ਜਨਤਕ ਖੇਤਰ ਦੀ ਕੰਪਨੀ ਕਾਬਿਲ ਪਹਿਲਾਂ ਹੀ ਅਰਜਨਟੀਨਾ ਦੇ ਕੈਟਾਮਾਰਕਾ ਖੇਤਰ ਵਿਚ ਲਿਥੀਅਮ ਦੀ ਖੋਜ ਕਰਨ ਦੇ ਅਧਿਕਾਰ ਪ੍ਰਾਪਤ ਕਰ ਚੁਕੀ ਹੈ। ਇਸ ਦੌਰੇ ਦੌਰਾਨ ਨਵੇਂ ਸਮਝੌਤਿਆਂ ਦੀ ਵੀ ਉਮੀਦ ਹੈ।
ਅਰਜਨਟੀਨਾ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤ੍ਰਿਨੀਦਾਦ ਅਤੇ ਟੋਬੈਗੋ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਪੀਐਮ ਮੋਦੀ ਇਸ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਵਿਦੇਸ਼ੀ ਹਨ। ਤ੍ਰਿਨੀਦਾਦ ਦੀ ਰਾਸ਼ਟਰਪਤੀ ਕ੍ਰਿਸਟੀਨ ਕੰਗਾਲੂ ਨੇ ਨਿੱਜੀ ਤੌਰ ‘ਤੇ ਪੀਐਮ ਮੋਦੀ ਨੂੰ ‘ਦਿ ਆਰਡਰ ਆਫ਼ ਦ ਰਿਪਬਲਿਕ ਆਫ਼ ਤ੍ਰਿਨੀਦਾਦ ਐਂਡ ਟੋਬੈਗੋ’ ਨਾਲ ਸਨਮਾਨਿਤ ਕੀਤਾ। ਇਸ ਤੋਂ ਬਾਅਦ ਪੀਐਮ ਮੋਦੀ ਨੇ ਇਸ ਸਨਮਾਨ ਲਈ ਰਾਸ਼ਟਰਪਤੀ ਕ੍ਰਿਸਟੀਨ ਅਤੇ ਪੀਐਮ ਕਮਲਾ ਪ੍ਰਸਾਦ ਦਾ ਧੰਨਵਾਦ ਕੀਤਾ।
ਪੀਐਮ ਮੋਦੀ ਨੂੰ ਇਹ ਸਨਮਾਨ ਦੇਣ ਤੋਂ ਇਕ ਦਿਨ ਪਹਿਲਾਂ ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਨੇ ਪੀਐਮ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ। ਸਥਾਨਕ ਸਰਕਾਰ ਦੇ ਅਨੁਸਾਰ ਪੀਐਮ ਮੋਦੀ ਨੂੰ ਇਹ ਸਨਮਾਨ ਉਨ੍ਹਾਂ ਦੀ ਗਲੋਬਲ ਲੀਡਰਸ਼ਿਪ, ਭਾਰਤੀ ਪ੍ਰਵਾਸੀਆਂ ਨਾਲ ਉਨ੍ਹਾਂ ਦੇ ਡੂੰਘੇ ਸਬੰਧ ਅਤੇ ਕੋਵਿਡ-19 ਦੌਰਾਨ ਉਨ੍ਹਾਂ ਦੀ ਮਾਨਵਤਾਵਾਦੀ ਸਹਾਇਤਾ ਲਈ ਦਿਤਾ ਗਿਆ ਹੈ।
ਦੱਸਣਯੋਗ ਹੈ ਕਿ ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪੀਐਮ ਮੋਦੀ ਨੂੰ 25 ਦੇਸ਼ਾਂ ਦੇ ਸਭ ਤੋਂ ਉੱਚ ਨਾਗਰਿਕ ਸਨਮਾਨ ਮਿਲ ਚੁਕੇ ਹਨ। ਇਸ ਤੋਂ ਪਹਿਲਾਂ ਇਸ ਦੌਰੇ ‘ਤੇ ਪੀਐਮ ਨੂੰ ਘਾਨਾ ਵਿਚ ਵੀ ਸਭ ਤੋਂ ਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।