‘ਗਊਮਾਸ ਫੈਕਟਰੀ’ ਮਾਮਲੇ ਚ 8 ਮੁਲਜ਼ਮ ਗ੍ਰਿਫ਼ਤਾਰ, ਮੁੱਖ ਮੁਲਜ਼ਮ ਪੁਲਿਸ ਦੀ ਗ੍ਰਿਫਤ ਚੋਂ ਬਾਹਰ


ਫਗਵਾੜਾ, 5 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਫਗਵਾੜਾ ਦਾ ਬਹੁਚਰਚਿਤ ਗਊਮਾਸ ਫੈਕਟਰੀ ਮਾਮਲਾ ਜਿਸ ਦੀ ਜਾਂਚ ਡੀ. ਐੱਸ ਪੀ. ਭਾਰਤ ਭੂਸ਼ਣ ਵੱਲੋਂ ਕੀਤੀ ਜਾ ਰਹੀ ਹੈ, ’ਚ ਨਵੇਂ ਸਿਰੇ ਤੋਂ ਸਨਸਨੀਖੇਜ਼ ਖ਼ੁਲਾਸੇ ਹੋਏ ਹਨ। ਜਾਣਕਾਰੀ ਮੁਤਾਬਿਕ ਹੁਣ ਤੱਕ ਹੋਈ ਪੁਲਸ ਜਾਂਚ ’ਚ ਇਹ ਤੱਥ ਸਾਹਮਣੇ ਆਇਆ ਹੈ ਕਿ ਸਥਾਨਕ ਹੁਸ਼ਿਆਰਪੁਰ ਰੋਡ ’ਤੇ ਸਥਿਤ ਹੱਡਾਰੋੜੀ ਤੋਂ ਜੋਤੀ ਢਾਬੇ ਦੇ ਪਿੱਛੇ ਸਥਿਤ ਗਊਮਾਸ ਦੀ ਬੇਨਕਾਬ ਹੋਈ ਗੈਰ-ਕਾਨੂੰਨੀ ਫੈਕਟਰੀ ’ਚ ਰੋਜ਼ਾਨਾ 200 ਤੋਂ 500 ਕਿਲੋ ‘ਬੀਫ’ ਦੀ ਸਪਲਾਈ ਹੁੰਦੀ ਸੀ।
ਉਨ੍ਹਾਂ ਦੱਸਿਆ ਕਿ ਉਕਤ ਫੈਕਟਰੀ ’ਚ ‘ਬੀਫ’ ਨੂੰ ਪੈਕੇਟਾਂ ਆਦਿ ’ਚ ਰੱਖ ਕੇ ‘ਫਰੀਜ਼’ ਕੀਤਾ ਜਾਂਦਾ ਸੀ। ਪੁਲਸ ਹੁਣ ਤੱਕ ਦਰਜ ਕੀਤੀ ਐੱਫ਼. ਆਈ. ਆਰ. ਨਾਲ ਸਬੰਧਤ ਕਿਸੇ ਵੀ ਮੁੱਖ ਮੁਲਜ਼ਮ ਅਤੇ ਮਾਸਟਰਮਾਈਂਡ ਦੀ ਗ੍ਰਿਫ਼ਤਾਰੀ ਨਹੀਂ ਕਰ ਸਕੀ ਹੈ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

ਕੌਣ ਹਨ ਫਗਵਾੜਾ ਗਊਮਾਸ ਫੈਕਟਰੀ ਦੇ ਅਸਲੀ ਮਾਸਟਮਾਈਂਡ?
DSP ਫਗਵਾੜਾ ਭਾਰਤ ਭੂਸ਼ਣ ਅਨੁਸਾਰ ਹੁਣ ਤੱਕ ਚੱਲੀ ਪੁਲਸ ਜਾਂਚ ’ਚ ਫਗਵਾੜਾ ਗਊਮਾਸ ਫੈਕਟਰੀ ਦਾ ਮਾਸਟਰਮਾਈਂਡ ਤਾਸਿਮ ਪੁੱਤਰ ਮਹਿਮੂਦ ਨਿਵਾਸੀ ਹਾਪੁੜ ਨਗਰ ਹਾਪੁੜ (ਉਤਰ ਪ੍ਰਦੇਸ਼), ਭੂਰਾ ਪੁੱਤਰ ਬੱਬੂ ਵਾਸੀ ਹਾਪੁੜ ਦਿਹਾਤ (ਉਤਰ ਪ੍ਰਦੇਸ਼), ਰਵਿੰਦਰ ਨਿਵਾਸੀ ਨਵੀਂ ਦਿੱਲੀ (ਜਿਸ ਨੂੰ ਹੁਣ ਪੁਲਸ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ) ਤੋਂ ਇਲਾਵਾ ਫਗਵਾੜਾ ਦੇ ਬਸੰਤ ਨਗਰ ਨਾਲ ਸਬੰਧਤ ਵਿਜੇ ਕੁਮਾਰ, ਬੱਬੂ ਅਤੇ ਜੋਤੀ ਢਾਬੇ ਦਾ ਮਾਲਕ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।
ਉੱਤਰ ਪ੍ਰਦੇਸ਼ ਅਤੇ ਨਵੀਂ ਦਿੱਲੀ ਨਾਲ ਸਬੰਧਤ ਮਾਸਟਰਮਾਈਂਡ ਨਾਲ ਉਕਤ ਮੁਲਜ਼ਮ ਸਿੱਧੇ ਤੌਰ ’ਤੇ ਸੰਪਰਕ ’ਚ ਰਹੇ ਹਨ ਅਤੇ ਇਨ੍ਹਾਂ ਦੀ ਮਿਲੀਭੁਗਤ ਨਾਲ ਫਗਵਾੜਾ ’ਚ ਗਊਮਾਸ ਦੀ ਫੈਕਟਰੀ ਲਾਈ ਗਈ, ਜਦ ਕਿ ਮੁਲਜ਼ਮ ਅਰਮਾਨ ਵਾਸੀ ਮਿਆਂਮਾਰ ਅਤੇ ਵਿਲਾਸ ਰਾਣਾ ਪੁੱਤਰ ਰਜਿੰਦਰ ਸਿੰਘ ਵਾਸੀ ਸਹਾਰਨਪੁਰ (ਉਤਰ ਪ੍ਰਦੇਸ਼) ਇਸ ਰੈਕੇਟ ’ਚ ਅਹਿਮ ਕਿੰਗਪਿਨ ਦੇ ਤੌਰ ’ਤੇ ਭੂਮਿਕਾ ਨਿਭਾਅ ਰਹੇ ਹਨ।
