ਦਿਨ-ਦਿਹਾੜੇ ਨਿਹੰਗ ਨੇ ਸਿਵਲ ਹਸਪਤਾਲ ਦੇ ਕੰਪਿਊਟਰ ਆਪਰੇਟਰ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ


ਬਠਿੰਡਾ, 4 ਜੁਲਾਈ 2025 ( ਨਿਊਜ਼ ਟਾਊਨ ਨੈੱਟਵਰਕ ) :
ਬਠਿੰਡਾ – ਸ਼ੁੱਕਰਵਾਰ ਨੂੰ ਦੁਪਹਿਰ ਸਮੇਂ ਇਕ ਨਿਹੰਗ ਨੇ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਕੰਪਿਊਟਰ ਆਪਰੇਟਰ ਉੱਪਰ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਵਿੱਚ ਕੰਪਿਊਟਰ ਆਪਰੇਟਰ ਜਖਮੀ ਹੋ ਗਿਆ, ਜਿਸ ਦੀ ਪਛਾਣ ਗੁਰਸੇਵਕ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕੰਪਿਊਟਰ ਆਪਰੇਟਰ ਗੁਰਸੇਵਕ ਸਿੰਘ ਆਮ ਦਿਨਾਂ ਦੀ ਤਰ੍ਹਾਂ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਦੀਆਂ ਪਰਚੀਆਂ ਕੱਟ ਰਿਹਾ ਸੀ। ਇਸ ਦੌਰਾਨ ਹੀ ਇਕ ਨਿਹੰਗ ਕਾਲਾ ਸਿੰਘ ਉੱਥੇ ਪੁੱਜਾ ’ਤੇ ਕਿਸੇ ਗੱਲ ਨੂੰ ਲੈ ਕੇ ਗੁਰਸੇਵਕ ਸਿੰਘ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਕਾਲਾ ਸਿੰਘ ਨੇ ਕੰਪਿਊਟਰ ਆਪਰੇਟਰ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗੁਰਸੇਵਕ ਸਿੰਘ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਕਰਵਾਇਆ ਗਿਆ ਹੈ। ਤਲਵੰਡੀ ਸਾਬੋ ਥਾਣੇ ਦੀ ਪੁਲਿਸ ਨੇ ਉਕਤ ਵਿਅਕਤੀ ਕਾਲਾ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।
