ਘਾਨਾ ਦੀ ਸੰਸਦ ਤੋਂ ਗਰਜੇ ਪੀਐਮ ਮੋਦੀ, ਦੁਨੀਆਂ ਦੇ ਖੋਲ੍ਹੇ ਕੰਨ

ਘਾਨਾ ਨੇ ਸਰਵਉੱਚ ਨਾਗਰਿਕ ਸਨਮਾਨ ‘ਦਿ ਅਫ਼ਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ’ ਨਾਲ ਕੀਤਾ ਸਨਮਾਨਤ

ਘਾਨਾ/ ਨਵੀਂ ਦਿੱਲੀ, 3 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦੋ ਦਿਨਾਂ ਦੌਰੇ ‘ਤੇ ਘਾਨਾ ਪਹੁੰਚੇ। ਵੀਰਵਾਰ ਨੂੰ ਉਨ੍ਹਾਂ ਨੂੰ ਘਾਨਾ ਦੇ ਸਰਵਉੱਚ ਨਾਗਰਿਕ ਸਨਮਾਨ ‘ਦਿ ਅਫ਼ਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਘਾਨਾ ਦੀ ਸੰਸਦ ਨੂੰ ਸੰਬੋਧਨ ਕੀਤਾ ਅਤੇ ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ। ਤਿੰਨ ਦਹਾਕਿਆਂ ਵਿਚ ਪਹਿਲੀ ਵਾਰ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਘਾਨਾ ਦੀ ਸੰਸਦ ਵਿਚ ਖੜ੍ਹੇ ਹੋ ਕੇ ਨਾ ਸਿਰਫ਼ ਲੋਕਤੰਤਰ ਅਤੇ ਭਾਈਵਾਲੀ ਦਾ ਸਬਕ ਸਿਖਾਇਆ, ਸਗੋਂ ਚੀਨ ਦੇ ਦਬਦਬੇ ਨੂੰ ਵੀ ਚੁਣੌਤੀ ਦਿਤੀ।

ਪ੍ਰਧਾਨ ਮੰਤਰੀ ਮੋਦੀ ਨੇ ਘਾਨਾ ਸੰਸਦ ਵਿਚ ਸੰਬੋਧਨ ਕਰਦਿਆਂ ਕਿਹਾ – “ਤੁਹਾਡੀ ਧਰਤੀ ਨਾ ਸਿਰਫ਼ ਸੋਨੇ ਲਈ, ਸਗੋਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਮਾਣ ਲਈ ਵੀ ਜਾਣੀ ਜਾਂਦੀ ਹੈ, ਇਹ ਸ਼ਬਦ ਅਫਰੀਕਾ ਵਿਚ ਭਾਰਤ ਦੀ ਨਿਮਰ ਪਰ ਮਜ਼ਬੂਤ ਮੌਜੂਦਗੀ ਦਾ ਸੰਦੇਸ਼ ਸਨ। ਸਾਡੀ ਦੋਸਤੀ ਤੁਹਾਡੇ ਮਸ਼ਹੂਰ ਸ਼ੂਗਰਲੋਫ ਅਨਾਨਾਸ ਨਾਲੋਂ ਵੀ ਮਿੱਠੀ ਹੈ, ਸਾਡੇ ਲਈ, ਲੋਕਤੰਤਰ ਇਕ ਪ੍ਰਣਾਲੀ ਨਹੀਂ ਸਗੋਂ ਇਕ ਆਤਮਾ ਹੈ। ਭਾਰਤ ਵਿਚ ਵੈਦਿਕ ਯੁੱਗ ਤੋਂ ਹੀ ਲੋਕਤੰਤਰੀ ਕਦਰਾਂ-ਕੀਮਤਾਂ ਮੌਜੂਦ ਹਨ।

ਪੀਐਮ ਮੋਦੀ ਨੇ ਅੱਗੇ ਕਿਹਾ, “ਭਾਰਤ ਵਿਚ 2500 ਤੋਂ ਵੱਧ ਰਾਜਨੀਤਿਕ ਪਾਰਟੀਆਂ, 22 ਭਾਸ਼ਾਵਾਂ ਅਤੇ ਹਜ਼ਾਰਾਂ ਉਪਭਾਸ਼ਾਵਾਂ ਹਨ। ਭਾਰਤ ਅਤੇ ਘਾਨਾ ਬਸਤੀਵਾਦ ਵਿਚੋਂ ਲੰਘੇ ਹਨ ਪਰ ਸਾਡੀ ਭਾਵਨਾ ਕਦੇ ਨਹੀਂ ਝੁਕੀ। ਅਸੀਂ ਅਫਰੀਕੀ ਯੂਨੀਅਨ ਨੂੰ ਜੀ20 ਦਾ ਸਥਾਈ ਮੈਂਬਰ ਬਣਾਇਆ। ਅਸੀਂ ਸਿਰਫ਼ ਨਾਅਰਿਆਂ ਵਿਚ ਨਹੀਂ, ਕਾਰਵਾਈ ਵਿਚ ਵਿਸ਼ਵਾਸ ਰੱਖਦੇ ਹਾਂ। ਕੋਵਿਡ ਦੌਰਾਨ, ਭਾਰਤ ਨੇ 150+ ਦੇਸ਼ਾਂ ਨੂੰ ਟੀਕੇ ਅਤੇ ਦਵਾਈਆਂ ਪ੍ਰਦਾਨ ਕੀਤੀਆਂ। ਘਾਨਾ ਵੀ ਉਨ੍ਹਾਂ ਵਿਚੋਂ ਇਕ ਸੀ। ਇਹ ‘ਮਨੁੱਖਤਾ ਪਹਿਲਾਂ’ਦੀ ਨੀਤੀ ਸੀ, ਨਾ ਕਿ ਕਾਰੋਬਾਰ ਪਹਿਲਾਂ। ਗਲੋਬਲ ਸਾਊਥ ਤੋਂ ਬਿਨਾਂ ਤਰੱਕੀ ਨਹੀਂ ਹੋ ਸਕਦੀ। ਪੁਰਾਣੇ ਅਦਾਰੇ ਹੁਣ ਅਪ੍ਰਸੰਗਿਕ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦਾ ਅੰਤ ਸੰਸਕ੍ਰਿਤ ਦੇ ਇਕ ਸ਼ਲੋਕ ‘ਸਰਵੇ ਭਵਨਤੁ ਸੁਖਿਨਹ’ ਨਾਲ ਕੀਤਾ। ਇਸ ਸ਼ਲੋਕ ਨਾਲ ਉਨ੍ਹਾਂ ਨੇ ਇਹ ਸੰਦੇਸ਼ ਦਿਤਾ ਕਿ ਭਾਰਤ ਦਾ ਦ੍ਰਿਸ਼ਟੀਕੋਣ ਸਿਰਫ਼ ਭੂਗੋਲਿਕ ਪ੍ਰਭਾਵ ਨਹੀਂ ਹੈ, ਸਗੋਂ ਵਿਸ਼ਵ ਭਲਾਈ ਹੈ। ਜਿਸ ਨੂੰ ਅਫਰੀਕਾ ਸਮਝ ਰਿਹਾ ਹੈ ਅਤੇ ਚੀਨ ਡਰਦਾ ਹੈ।
