ਭਾਰਤੀ ਫ਼ੌਜ ਦੀ ਵਧੇਗੀ ਤਾਕਤ, 1.05 ਲੱਖ ਕਰੋੜ ਰੁਪਏ ਦੀ ਰੱਖਿਆ ਖਰੀਦ ਨੂੰ ਮਨਜ਼ੂਰੀ


ਨਵੀਂ ਦਿੱਲੀ, 3 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਦੇਸ਼ ਦੀਆਂ ਫ਼ੌਜੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਚੁੱਕਦੇ ਹੋਏ ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀਏਸੀ) ਨੇ 3 ਜੁਲਾਈ ਨੂੰ ਲਗਭਗ 1.05 ਲੱਖ ਕਰੋੜ ਰੁਪਏ ਦੀ ਰੱਖਿਆ ਸਮੱਗਰੀ ਦੀ ਖਰੀਦ ਨੂੰ ਮਨਜ਼ੂਰੀ ਦੇ ਦਿਤੀ। ਇਹ ਪੂਰੀ ਖਰੀਦ ‘ਮੇਕ ਇਨ ਇੰਡੀਆ’ ਨੀਤੀ ਦੇ ਤਹਿਤ ਘਰੇਲੂ ਕੰਪਨੀਆਂ ਤੋਂ ਕੀਤੀ ਜਾਵੇਗੀ। ਇਸ ਪ੍ਰਸਤਾਵ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮਨਜ਼ੂਰੀ ਦਿਤੀ ਗਈ।
ਮੀਟਿੰਗ ਵਿਚ ਤਿੰਨਾਂ ਸੈਨਾਵਾਂ ਲਈ ਬਖਤਰਬੰਦ ਰਿਕਵਰੀ ਵਾਹਨ, ਇਲੈਕਟ੍ਰਾਨਿਕ ਯੁੱਧ ਪ੍ਰਣਾਲੀ ਅਤੇ ਏਕੀਕ੍ਰਿਤ ਵਸਤੂ ਪ੍ਰਬੰਧਨ ਪ੍ਰਣਾਲੀ ਦੀ ਖਰੀਦ ‘ਤੇ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੇ ਮਿਜ਼ਾਈਲ ਪ੍ਰਣਾਲੀ ਨੂੰ ਵੀ ਮਨਜ਼ੂਰੀ ਦਿਤੀ ਗਈ ਹੈ। ਇਹ ਸਾਰੇ ਉਪਕਰਣ ਸੈਨਾਵਾਂ ਦੀ ਲੜਾਈ ਸਮਰੱਥਾ ਅਤੇ ਤਿਆਰੀ ਨੂੰ ਮਜ਼ਬੂਤ ਕਰਨਗੇ।
ਸਮੁੰਦਰੀ ਬਾਰੂਦੀ ਸੁਰੰਗਾਂ, ਮਾਈਨ ਕਾਊਂਟਰ ਮੇਜਰ ਵੇਸਲਜ਼, ਸੁਪਰ ਰੈਪਿਡ ਗਨ ਮਾਊਂਟ ਅਤੇ ਸਵੈਚਾਲਿਤ ਅੰਡਰਵਾਟਰ ਵਾਹਨ ਜਲ ਸੈਨਾ ਲਈ ਖਰੀਦੇ ਜਾਣਗੇ। ਇਸ ਨਾਲ ਸਮੁੰਦਰੀ ਸਰਹੱਦਾਂ ਅਤੇ ਵਪਾਰਕ ਮਾਰਗਾਂ ਦੀ ਸੁਰੱਖਿਆ ਵਿਚ ਸੁਧਾਰ ਹੋਵੇਗਾ।
ਇਸ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ ਸਹਿਯੋਗ ਵਿਚ ਮਹੱਤਵਪੂਰਨ ਉਨਤੀ ਹੋਈ ਹੈ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਵਲੋਂ ਜਾਰੀ ਬਿਆਨ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਵਿਚਕਾਰ ਟੈਲੀਫੋਨ ‘ਤੇ ਹੋਈ ਗੱਲਬਾਤ ਵਿਚ ਅਗਲੇ 10 ਸਾਲਾਂ ਲਈ ਇਕ ਨਵੇਂ ਰੱਖਿਆ ਸਹਿਯੋਗ ਸਮਝੌਤੇ ‘ਤੇ ਸਹਿਮਤੀ ਬਣੀ ਹੈ। ਇਹ ਸਮਝੌਤਾ ਅਮਰੀਕਾ-ਭਾਰਤ ਰੱਖਿਆ ਸਬੰਧਾਂ ਨੂੰ ਹੋਰ ਵਧਾਏਗਾ।
