ਇਜ਼ਰਾਈਲ ਦਾ ਗਾਜ਼ਾ ‘ਤੇ ਸਭ ਤੋਂ ਵੱਡਾ ਹਮਲਾ, 118 ਲੋਕਾਂ ਦੀ ਦਰਦਨਾਕ ਮੌਤ, 581 ਤੋਂ ਵੱਧ ਜ਼ਖ਼ਮੀ


ਗਾਜ਼ਾ, 3 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਇਜ਼ਰਾਈਲ ਨੇ ਸ਼ਨੀਵਾਰ ਨੂੰ ਗਾਜ਼ਾ ‘ਤੇ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ‘ਚ 118 ਫਲਸਤੀਨੀ ਨਾਗਰਿਕਾਂ ਦੇ ਮਾਰੇ ਜਾਣ ਦੀ ਅਤੇ 581 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਹਮਾਸ ਦੇ ਆਗੂਆਂ ਵਲੋਂ ਇਸ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ। ਗਾਜ਼ਾ ਸ਼ਹਿਰ ਦੇ ਇਕ ਸਟੇਡੀਅਮ ਨੇੜੇ ਹੋਏ ਹਮਲੇ ਵਿਚ ਬੱਚਿਆਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਅਲ-ਸ਼ਿਫਾ ਹਸਪਤਾਲ ਦੇ ਸਟਾਫ ਵਲੋਂ ਨਿਊਜ਼ ਏਜੰਸੀ ਰਾਇਟਰਜ਼ ਨੂੰ ਇਸਦੀ ਪੁਸ਼ਟੀ ਕੀਤੀ ਗਈ ਹੈ। ਇਹ ਉਹ ਸਟੇਡੀਅਮ ਹੈ ਜਿੱਥੇ ਲੋਕਾਂ ਨੂੰ ਤੰਬੂਆਂ ਵਿਚ ਰੱਖਿਆ ਗਿਆ ਸੀ।
ਇਜ਼ਰਾਈਲੀ ਫ਼ੌਜ ਦੇ ਬਿਆਨ ਮੁਤਾਬਕ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਵਿਚ ਸਿਰਫ਼ ਇਕ ਸ਼ੱਕੀ ਨੂੰ ਨੁਕਸਾਨ ਪਹੁੰਚਿਆ ਹੈ, ਜੋ ਉਸਦੀਆਂ ਫੌਜਾਂ ਲਈ ਖ਼ਤਰਾ ਬਣ ਗਿਆ ਸੀ। ਗਾਜ਼ਾ ਦੇ ਦੱਖਣੀ ਸ਼ਹਿਰ ਖਾਨ ਯੂਨਿਸ ਦੇ ਨੇੜੇ ਮੁਵਾਸੀ ਵਿਚ ਇਕ ਟੈਂਟ ਕੈਂਪ ‘ਤੇ ਇਜ਼ਰਾਈਲੀ ਹਮਲੇ ਵਿਚ 3 ਬੱਚੇ ਅਤੇ ਉਨ੍ਹਾਂ ਦੇ ਮਾਪੇ ਮਾਰੇ ਗਏ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੱਚੇ ਸੌਂਦੇ ਸਮੇਂ ਮਾਰੇ ਗਏ ਸਨ।

ਆਈਡੀਐਫ ਨੇ ਸ਼ਨੀਵਾਰ ਸ਼ਾਮ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਸਨੇ ਸ਼ੁੱਕਰਵਾਰ ਨੂੰ ਗਾਜ਼ਾ ਸ਼ਹਿਰ ਦੇ ਸਬਰਾ ਖੇਤਰ ਵਿਚ ਹਮਾਸ ਦੇ ਫੌਜੀ ਵਿੰਗ ਦੇ ਇਕ ਸੀਨੀਅਰ ਵਿਅਕਤੀ ਹਖਮ ਮੁਹੰਮਦ ਈਸਾ ਅਲ-ਈਸਾ ਨੂੰ ਮਾਰ ਦਿਤਾ ਸੀ। ਆਈਡੀਐਫ ਨੇ ਕਿਹਾ ਕਿ ਉਹ ਹਮਾਸ ਦੇ ਫ਼ੌਜੀ ਵਿੰਗ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਸੀ। ਆਈਡੀਐਫ ਦਾ ਕਹਿਣਾ ਹੈ ਕਿ ਉਹ ਹਮਾਸ ਦੀ ਜਨਰਲ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਸੀ। ਉਸਨੇ 7 ਅਕਤੂਬਰ 2023 ਨੂੰ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦੀ ਯੋਜਨਾ ਬਣਾਉਣ ਅਤੇ ਇਸਨੂੰ ਅੰਜਾਮ ਦੇਣ ਵਿਚ ਵੀ ਮੁੱਖ ਭੂਮਿਕਾ ਨਿਭਾਈ। ਇਜ਼ਰਾਈਲੀ ਫ਼ੌਜ ਨੇ ਗਾਜ਼ਾ ‘ਤੇ ਬੰਬਾਰੀ ਕਰਕੇ ਜਵਾਬ ਦਿਤਾ, ਜਿਸ ਵਿਚ ਲਗਭਗ 1,200 ਲੋਕ ਮਾਰੇ ਗਏ ਅਤੇ 251 ਲੋਕਾਂ ਨੂੰ ਬੰਧਕ ਬਣਾਇਆ ਗਿਆ। ਖੇਤਰ ਦੇ ਹਮਾਸ-ਸੰਚਾਲਿਤ ਸਿਹਤ ਮੰਤਰਾਲੇ ਮੁਤਾਬਕ ਉਦੋਂ ਤੋਂ ਗਾਜ਼ਾ ਵਿਚ 56,000 ਤੋਂ ਵੱਧ ਲੋਕ ਮਾਰੇ ਗਏ ਹਨ।
ਜ਼ਿਕਰਯੋਗ ਹੈ ਕਿ ਗਾਜ਼ਾ ਵਿਚ ਜੰਗ 21 ਮਹੀਨਿਆਂ ਤੋਂ ਚੱਲ ਰਹੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਮੀਦ ਹੈ ਕਿ ਅਗਲੇ ਹਫ਼ਤੇ ਜੰਗਬੰਦੀ ਸਮਝੌਤਾ ਹੋ ਸਕਦਾ ਹੈ। ਸ਼ੁੱਕਰਵਾਰ ਨੂੰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਟਰੰਪ ਨੇ ਕਿਹਾ, “ਅਸੀਂ ਗਾਜ਼ਾ ‘ਤੇ ਕੰਮ ਕਰ ਰਹੇ ਹਾਂ ਅਤੇ ਇਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।” ਸਥਿਤੀ ਤੋਂ ਜਾਣੂ ਇਕ ਅਧਿਕਾਰੀ ਨੇ ਏਪੀ ਨੂੰ ਦੱਸਿਆ ਕਿ ਇਜ਼ਰਾਈਲੀ ਮੰਤਰੀ ਰੌਨ ਡਰਮਰ ਅਗਲੇ ਹਫ਼ਤੇ ਗਾਜ਼ਾ ਜੰਗਬੰਦੀ, ਇਰਾਨ ਅਤੇ ਹੋਰ ਮੁੱਦਿਆਂ ‘ਤੇ ਚਰਚਾ ਕਰਨ ਲਈ ਵਾਸ਼ਿੰਗਟਨ ਪਹੁੰਚਣਗੇ।
ਇਜ਼ਰਾਈਲ ਵਲੋਂ ਮਾਰਚ ਵਿਚ ਜੰਗਬੰਦੀ ਤੋੜ ਦਿਤੀ ਗਈ ਸੀ ਅਤੇ ਉਦੋਂ ਤੋਂ ਹਮਾਸ ਨਾਲ ਵਾਰ-ਵਾਰ ਗੱਲਬਾਤ ਹੁੰਦੀ ਰਹੀ ਹੈ। ਗਾਜ਼ਾ ਵਿਚ ਲਗਭਗ 50 ਬੰਧਕ ਬਚੇ ਹਨ, ਜਿਨ੍ਹਾਂ ਵਿਚੋਂ ਅੱਧੇ ਤੋਂ ਵੀ ਘੱਟ ਲੋਕਾਂ ਦੇ ਜ਼ਿੰਦਾ ਬਚੇ ਹੋਣ ਦਾ ਅਨੁਮਾਨ ਹੈ। ਇਹ 251 ਬੰਧਕਾਂ ਵਿਚੋਂ ਸਨ, ਜਦੋਂ ਹਮਾਸ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ ‘ਤੇ ਹਮਲਾ ਕਰਕੇ ਯੁੱਧ ਸ਼ੁਰੂ ਕੀਤਾ ਸੀ। ਮਾਰਚ ਵਿਚ ਜੰਗਬੰਦੀ ਖਤਮ ਹੋਣ ਤੋਂ ਬਾਅਦ 6,000 ਤੋਂ ਵੱਧ ਲੋਕ ਮਾਰੇ ਗਏ ਹਨ।
